ਚੰਡੀਗੜ੍ਹ: ਅੱਜ ਦੀ ਸਵੇਰ ਪੰਜਾਬ ਦੇ ਨਾਲ-ਨਾਲ ਰਾਜਧਾਨੀ ਦਿੱਲੀ ਲਈ ਹੋਰਾਂ ਦਿਨਾਂ ਦੋ ਮੁਕਾਬਲੇ ਥੋੜ੍ਹੀ ਘੱਟ ਧੁੰਦ ਲੈ ਕੇ ਚੜ੍ਹੀ। ਬੀਤੇ ਤਕਰੀਬਨ ਹਫਤੇ ਤੋਂ ਅਸਮਾਨੀਂ ਛਾਈ ਧੂੰਏਂ ਤੇ ਧੁੰਦ ਦੀ ਚਾਦਰ ਅੱਜ ਸਵੇਰ ਤੋਂ ਚੱਲ ਰਹੀ ਹਵਾ ਸਾਹਮਣੇ ਹਲਕੀ ਪੈ ਗਈ। ਮੌਸਮ ਵਿਭਾਗ ਦੀ ਭਵਿੱਖਬਾਣੀ ਸਦਕਾ ਆਉਂਦੇ ਦਿਨਾਂ ਵਿੱਚ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਵੀ ਸੰਭਾਵਨਾ ਹੈ।

ਅੱਜ ਸਵੇਰੇ ਧੁੰਦ ਬੀਤੇ ਦਿਨਾਂ ਦੇ ਮੁਕਾਬਲੇ ਘੱਟ ਪਈ। ਇਹੋ ਹਾਲਾਤ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿੱਚ ਵੀ ਰਹੇ। ਹਵਾ ਚੱਲਣ ਕਾਰਨ ਧੁੰਦ ਦੇ ਪ੍ਰਭਾਵ ਵਿੱਚ ਖਾਸੀ ਕਮੀ ਆਈ ਹੈ। ਕੇਂਦਰੀ ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਵਿੱਚ ਅੱਜ ਸਵੇਰੇ 8:30 ਵਜੇ ਮੌਸਮ ਵਿੱਚ 84 ਫ਼ੀਸਦੀ ਨਮੀ ਸੀ ਜਦਕਿ ਦ੍ਰਿਸ਼ਟੀ ਦੀ ਗੱਲ ਕਰੀਏ ਤਾਂ ਬਾਕੀ ਦਿਨਾਂ ਮੁਕਾਬਲੇ ਅੱਜ ਤਕਰੀਬਨ 1000 ਮੀਟਰ ਦਰਜ ਕੀਤੀ ਗਈ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ 12.4 ਡਿਗਰੀ ਸੈਂਟੀਗ੍ਰੇਡ ਤੇ ਵੱਧ ਤੋਂ ਵੱਧ 28.4 ਡਿਗਰੀ ਦਰਜ ਕੀਤਾ ਗਿਆ ਸੀ।

ਧੁੰਦ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਸੜਕੀ ਹਾਦਸਿਆਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਬੀਤੀ ਦਿਨੀਂ ਛਾਈ ਧੁੰਦ ਕਾਰਨ ਪੰਜਾਬ ਦੇ ਰਾਜਧਾਨੀ ਦਿੱਲੀ ਜਾਣ ਵਾਲੀਆਂ 118 ਰੇਲਾਂ ਦੇਰੀ ਨਾਲ ਚੱਲ ਰਹੀਆਂ ਸਨ, 34 ਦਾ ਸਮਾਂ ਤਬਦੀਲ ਤੇ 10 ਰੇਲਾਂ ਨੂੰ ਰੱਦ ਕਰਨਾ ਪਿਆ। ਇਸ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੀਤੇ ਦਿਨਾਂ ਵਿੱਚ ਕੋਈ ਵੀ ਉਡਾਣ ਨਾ ਤਾਂ ਰੱਦ ਕੀਤੀ ਗਈ ਤੇ ਨਾ ਹੀ ਦੇਰੀ ਨਾਲ ਉੱਡੀ ਹੈ।