ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਤਿੰਨ ਦਿਨ ਭਾਰੀ ਬਾਰਸ਼ ਤੋਂ ਬਾਅਦ ਅੱਜ ਮੌਸਮ ਸਾਫ ਹੋ ਗਿਆ ਹੈ। ਮੀਂਹ ਨਾਲ ਪੰਜਾਬ ਵਿੱਚ ਸੜਕਾਂ ਧੱਸਣ, ਮਕਾਨ ਡਿੱਗਣ ਤੋਂ ਇਲਾਵਾ ਕਈ ਹੋਰ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ 'ਚ ਸੋਮਵਾਰ 11 ਲੋਕ ਮਾਰੇ ਗਏ।

ਹਾਲਾਤ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਹੰਗਾਮੀ ਮੀਟਿੰਗ ਬੁਲਾਈ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਲਗਾਤਾਰ ਤਿੰਨ ਦਿਨ ਪਏ ਮੀਂਹ ਨਾਲ ਆਮ ਜਨ-ਜੀਵਨ ਵੀ ਪਟੜੀ ਤੋਂ ਲਹਿ ਗਿਆ ਸੀ।

ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਭਾਵੇਂ ਮੌਸਮ ਅੱਜ ਸਾਫ ਹੋ ਗਿਆ ਹੈ ਪਰ ਕਈ ਥਾਵਾਂ 'ਤੇ ਮੀਂਹ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ ਜਦਕਿ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੇ ਨਵਾਂਸ਼ਹਿਰ 'ਚ ਜ਼ਬਰਦਸਤ ਮੀਂਹ ਦੀ ਸੰਭਾਵਨਾ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ, ਪਟਿਆਲਾ ਤੇ ਮੋਹਾਲੀ 'ਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਹੈ।

ਜ਼ਿਕਰਯੋਗ ਹੈ ਕਿ ਲਾਗਤਾਰ ਤਿੰਨ ਦਿਨ ਪਏ ਮੀਂਹ ਨਾਲ ਪੰਜਾਬ 'ਚ ਪਹਿਲਾਂ ਹੀ ਸਾਰੇ ਡੈਮ ਨੱਕੋ-ਨੱਕ ਵਹਿ ਰਹੇ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਮੰਗਲਵਾਰ ਨੂੰ ਪੌਂਗ ਡੈਮ 'ਚੋਂ ਵਾਧੂ ਪਾਣੀ ਛੱਡਿਆ ਜਾਵੇਗਾ। ਰਿਪੋਰਟਾਂ ਮੁਤਾਬਕ ਕਾਂਗੜਾ ਪੌਂਗ ਡੈਮ ਚ 49,000 ਕਿਊਸਿਕ ਪਾਣੀ ਛੱਡਿਆ ਜਾਵੇਗਾ ਕਿਉਂਕਿ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੋਂ ਉੱਤੇ ਪਹੁੰਚ ਗਿਆ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਿਜ਼ਾਇਨ ਇੰਜਨੀਅਰ ਅਰੁਣ ਭਾਟੀਆ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੇ ਗਵਾਂਡੀ ਸੂਬਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਫੌਜ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸੁਚੇਤ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਅਧਿਕਾਰੀਆਂ ਨੇ ਸੋਮਵਾਰ ਸਥਿਤੀ ਦਾ ਜਾਇਜ਼ਾ ਲਿਆ। ਸਤਲੁਜ ਦੇ ਨੇੜੇ ਦੇ ਪਿੰਡਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਖੇਤੀ ਮਾਹਿਰਾਂ ਮੁਤਾਬਕ ਬਾਰਸ਼ ਨਾਲ ਸਾਉਣੀ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਸੂਬੇ 'ਚ 20 ਫੀਸਦੀ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੂਰੇ ਮਾਨਸੂਨ ਦੀ 22 ਫੀਸਦੀ ਵਰਖਾ ਪਿਛਲੇ 48 ਘੰਟਿਆਂ ਦਰਮਿਆਨ ਹੋਈ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਾਰੀ ਹੈ।