ਚੰਡੀਗੜ੍ਹ: ਸਾਉਣ ਮਹੀਨੇ ਤੋਂ ਬਾਅਦ ਭਾਦਰੋਂ ਲੰਘ ਗਿਆ ਤੇ ਹੁਣ ਅੱਸੂ ਦੀ ਸ਼ੁਰੂਆਤ 'ਚ ਲਗਾਤਾਰ ਤਿੰਨ ਦਿਨ ਪਏ ਮੀਂਹ ਨੇ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਭਾਰੀ ਤਬਾਹੀ ਮਚਾਈ। ਮੌਸਮ ਵਿਭਾਗ ਅਨੁਸਾਰ 40 ਸਾਲਾਂ ’ਚ ਪਹਿਲੀ ਵਾਰ ਸਤੰਬਰ ਮਹੀਨੇ ’ਚ ਏਨਾ ਮੀਂਹ ਪਿਆ ਹੈ। ਬੇਸ਼ੱਕ ਅੱਜ ਤਿੰਨ ਦਿਨ ਬਾਅਦ ਪੰਜਾਬ 'ਚ ਮੌਸਮ ਸਾਫ ਹੋ ਗਿਆ ਹੈ ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਹਨ। ਕਿਉਂ ਕਿ ਭਾਰੀ ਬਾਰਸ਼ ਕਾਰਨ ਨਰਮੇ ਤੇ ਕਪਾਹ ਦੀ ਫਸਲ ਬਰਬਾਦ ਹੋ ਚੁੱਕੀ ਹੈ ਤੇ ਝੋਨੇ ਦੀ ਫਸਲ ਖੇਤਾਂ 'ਚ ਵਿਛੀ ਪਈ ਹੈ।

ਅਜਿਹੇ 'ਚ ਕਿਸਾਨਾਂ ਅੱਗੇ ਵੱਡੀ ਚੁਣੌਤੀ ਹੈ ਫਸਲਾਂ ਦਾ ਝਾੜ। ਕਿਉਂਕਿ ਫਸਲ ਡਿੱਗਣ ਨਾਲ ਝਾੜ 'ਤੇ ਅਸਰ ਪੈਣਾ ਸੁਭਾਵਕ ਹੈ। ਬੇਮੌਸਮੀ ਬਰਸਾਤ ਨਾਲ ਤਾਪਮਾਨ ਵੀ ਹੇਠਾਂ ਆਇਆ ਹੈ। ਜ਼ਿਕਰਯੋਗ ਹੈ ਕਿ ਸਾਲ 1996 ਤੋਂ ਬਾਅਦ ਪਹਿਲੀ ਵਾਰ ਸਤੰਬਰ ਮਹੀਨੇ 'ਚ ਮੀਂਹ ਦਾ ਅੰਕੜਾ 200 ਮਿਲੀਮੀਟਰ ਤੋਂ ਪਾਰ ਗਿਆ ਹੈ। ਪਿਛਲੇ ਤਿੰਨ ਦਿਨਾਂ 'ਚ 165 ਮਿਲੀਮੀਟਰ ਮੀਂਹ ਪਿਆ ਹੈ। ਇਕੱਲੇ ਸੋਮਵਾਰ 34 ਮਿਲੀਮੀਟਰ ਮੀਂਹ ਪਿਆ ਹੈ।

ਸੋਮਵਾਰ ਨੂੰ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 11 ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਦੁਪਹਿਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਕਿਸਾਨਾਂ ਨੂੰ ਫਸਲਾਂ ਪ੍ਰਤੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ।

ਮੀਂਹ ਕਾਰਨ ਪੰਜਾਬ ਦੇ ਕਈ ਸ਼ਹਿਰਾ 'ਚ ਹਾਲਾਤ ਕਾਫੀ ਖ਼ਰਾਬ ਹਨ। ਲਗਾਤਾਰ ਤਿੰਨ ਦਿਨ ਪਏ ਮੀਂਹ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।