ਚੰਡੀਗੜ੍ਹ: ਪੰਜਾਬ ਦੇ ਕਈ ਇਲਾਕਿਆਂ ਸਮੇਤ ਚੰਡੀਗੜ੍ਹ 'ਚ ਐਤਵਾਰ ਸਵੇਰ ਮੌਸਮ 'ਚ ਆਈ ਤਬਦੀਲੀ ਕਾਰਨ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ। ਆਸਮਾਨ 'ਚ ਕਾਲੇ ਸੰਘਣੇ ਬੱਦਲ ਛਾਏ ਤੇ ਠੰਢੀ ਹਵਾ ਨੇ ਸਵੇਰ ਨੂੰ ਸੁਹਾਵਣੀ ਬਣਾ ਦਿੱਤਾ। ਇੱਕਦਮ ਹਨ੍ਹੇਰਾ ਛਾਅ ਗਿਆ ਤੇ ਇਸ ਮਗਰੋਂ ਤੇਜ਼ ਹਨ੍ਹੇਰੀ ਤੇ ਮੀਂਹ ਨੇ ਦਸਤਕ ਦਿੱਤੀ।


ਕਈ ਥਾਵਾਂ 'ਤੇ ਬਿਜਲੀ ਠੱਪ ਹੋ ਗਈ। ਹਨ੍ਹੇਰੀ ਤੇਜ਼ ਹੋਣ ਕਾਰਨ ਕਈ ਥਾਂ 'ਤੇ ਦਰੱਖ਼ਤ ਡਿੱਗਣ ਦੀਆਂ ਵੀ ਖ਼ਬਰਾਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਗਰਮੀ ਤੋਂ ਬਾਅਦ ਅੱਜ ਪਏ ਮੀਂਹ ਨਾਲ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ।


ਦੂਜੇ ਪਾਸੇ ਮੌਸਮ ਦੀ ਇਹ ਕਰਵਟ ਕਿਸਾਨਾਂ ਲਈ ਫ਼ਿਕਰ ਵਧਾ ਗਈ। ਮੰਡੀਆਂ 'ਚ ਕਣਕ ਦੀ ਫ਼ਸਲ ਲੈਕੇ ਪਹੁੰਚੇ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਸੁਰੱਖਿਅਤ ਰੱਖਣ ਲਈ ਕਾਫੀ ਜੱਦੋਜ਼ਹਿਦ ਕਰਨੀ ਪਈ।