ਚੰਡੀਗੜ੍ਹ: ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੱਜ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੁੱਧਵਾਰ ਤੇ ਵੀਰਵਾਰ ਨੂੰ ਚੰਗੀ ਧੁੱਪ ਨਿਕਲਣ ਨਾਲ ਪਾਰਾ ਕੁਝ ਚੜ੍ਹ ਗਿਆ ਹੈ। ਬੇਸ਼ੱਕ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਜਾਰੀ ਹੈ ਪਰ ਮੈਦਾਨੀ ਇਲਾਕਿਆਂ ਦੇ ਮੌਸਮ ਵਿੱਚ ਨਿੱਘ ਮਹਿਸੂਸ ਹੋਇਆ ਹੈ। ਉਂਝ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਬਾਰਸ਼ ਹੋਣ ਨਾਲ ਠੰਢ ਵਧ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਪੰਜਾਬ ਦੇ ਕੁਝ ਹਿੱਸਿਆਂ ’ਚ ਮੰਗਲਵਾਰ ਨੂੰ ਵੀ ਸੂਰਜ ਤਾਂ ਦਿਖਾਈ ਦਿੱਤਾ ਸੀ ਪਰ ਤਾਪਮਾਨ ਵਿੱਚ ਕੋਈ ਜ਼ਿਆਦਾ ਅੰਤਰ ਦਿਖਾਈ ਨਹੀਂ ਦਿੱਤਾ। ਅੱਜ ਫਿਰ ਚੰਗੀ ਧੁੱਪ ਹੋਣ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਵਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਦਰਜ ਕੀਤਾ ਗਿਆ। ਇਸ ਲਈ ਦੋ ਦਿਨਾਂ ਦੀ ਧੁੱਪ ਦਾ ਲੋਕਾਂ ਨੇ ਖੁੱਲ੍ਹ ਕੇ ਸਵਾਗਤ ਕੀਤਾ।
ਉਧਰ, ਖੇਤੀਬਾੜੀ ਵਿਭਾਗ ਮੁਤਾਬਕ ਪੰਜਾਬ ’ਚ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਨਦੀਨਨਾਸ਼ਕ ਦਵਾਈਆਂ ਬੇਅਸਰ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਰਾ ਇੱਕ ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫ਼ਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ’ਚ ਕਣਕ ’ਤੇ ਛਿੜਕੀ ਜਾਣ ਵਾਲੀ ਨਦੀਨਨਾਸ਼ਕ ਦਵਾਈਆਂ ਦਾ ਅਸਰ ਨਾ ਹੋਣ ਦੀਆਂ ਸ਼ਿਕਾਇਤਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਨਾਲ ਠੰਢ ਕਿਸਾਨਾਂ ਲਈ ਮਾਰੂ ਸਾਬਤ ਹੋ ਰਹੀ ਹੈ ਤੇ ਕਣਕ ਵਿੱਚ ਨਦੀਨ ਵਧਣ ਦਾ ਖ਼ਦਸਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਲੁਧਿਆਣਾ ’ਚ ਘੱਟ ਤੋਂ ਘੱਟ ਤਾਪਮਾਨ 0.3 ਡਿਗਰੀ, ਪਠਾਨਕੋਟ ਵਿੱਚ 0.8, ਆਦਮਪੁਰ ਵਿੱਚ 0.4, ਹਲਵਾਰਾ ’ਚ 0.6 ਤੇ ਬਠਿੰਡਾ ਵਿੱਚ 0.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਰਾਤ ਦਾ ਤਾਪਮਾਨ 2.4, ਪਟਿਆਲਾ ਵਿੱਚ 1.6, ਫ਼ਰੀਦਕੋਟ 1.2, ਗੁਰਦਾਸਪੁਰ ’ਚ 3.2 ਡਿਗਰੀ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦਾ ਤਾਪਮਾਨ ਘੱਟ ਤੋਂ ਘੱਟ 3.5 ਅਤੇ ਵੱਧ ਤੋਂ ਵੱਧ 16.6 ਦਰਜ ਕੀਤਾ ਗਿਆ ਜੋ ਆਮ ਨਾਲੋਂ ਘੱਟ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਹੋਣ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਤੇ ਅਜਿਹਾ ਮੌਸਮ ਹੋਰ ਕੁਝ ਦਿਨ ਬਣਿਆ ਰਹਿਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਦੇ ਸ਼ਹਿਰਾਂ ਫ਼ਰੀਦਕੋਟ ਵਿੱਚ ਦਿਨ ਦਾ ਤਾਪਮਾਨ 7.5, ਗੁਰਦਾਸਪੁਰ ਦਾ 8.0 ਪਠਾਨਕੋਟ 9.9, ਬਠਿੰਡਾ 8.9 ਡਿਗਰੀ ਰਿਹਾ।
ਕੜਾਕੇ ਦੀ ਠੰਢ ਮਗਰੋਂ ਧੁੱਪ ਨੇ ਦਿੱਤੀ ਰਾਹਤ, ਜਾਣੋ ਮੌਸਮ ਦਾ ਹਾਲ
ਏਬੀਪੀ ਸਾਂਝਾ
Updated at:
02 Jan 2020 03:30 PM (IST)
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੱਜ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੁੱਧਵਾਰ ਤੇ ਵੀਰਵਾਰ ਨੂੰ ਚੰਗੀ ਧੁੱਪ ਨਿਕਲਣ ਨਾਲ ਪਾਰਾ ਕੁਝ ਚੜ੍ਹ ਗਿਆ ਹੈ। ਬੇਸ਼ੱਕ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਜਾਰੀ ਹੈ ਪਰ ਮੈਦਾਨੀ ਇਲਾਕਿਆਂ ਦੇ ਮੌਸਮ ਵਿੱਚ ਨਿੱਘ ਮਹਿਸੂਸ ਹੋਇਆ ਹੈ। ਉਂਝ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਬਾਰਸ਼ ਹੋਣ ਨਾਲ ਠੰਢ ਵਧ ਸਕਦੀ ਹੈ।
- - - - - - - - - Advertisement - - - - - - - - -