Weather Report: ਪੰਜਾਬੀਆਂ ਲਈ ਰਾਹਤ ਦੀ ਖਬਰ ਹੈ। ਇਹ ਹਫਤਾ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਝੋਨਾ ਲਾਉਣ ਵਿੱਚ ਜੁਟੇ ਕਿਸਾਨਾਂ ਲਈ ਵੀ ਖੁਸ਼ਖਬਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪੂਰਾ ਹਫਤਾ ਬਾਰਸ਼ ਹੋਏਗੀ। ਐਤਵਾਰ ਨੂੰ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਈ ਹੈ। ਉਂਝ, ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਅਗਲੇ 24 ਘੰਟਿਆਂ ਤੱਕ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਏਗਾ। ਇਸ ਤੋਂ ਬਾਅਦ ਹੌਲੀ-ਹੌਲੀ 3-5 ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 17 ਤੋਂ 20 ਜੂਨ ਤੱਕ ਸੂਬੇ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 16 ਤੋਂ 21 ਤਰੀਕ ਤੱਕ ਗਰਜ, ਬਿਜਲੀ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ) ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਅਨੁਸਾਰ ਹੁਣ ਮਾਨਸੂਨ 18 ਜੂਨ ਤੱਕ ਮੱਧ ਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਨੂੰ ਕਵਰ ਕਰ ਲਵੇਗਾ। ਇਸ ਦੇ 19 ਤੋਂ 25 ਜੂਨ ਦੇ ਵਿਚਕਾਰ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧਣ ਦੀ ਉਮੀਦ ਹੈ। ਉੱਤਰ-ਪੱਛਮੀ ਭਾਰਤ ਵਿੱਚ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਤੇ ਲੱਦਾਖ ਸ਼ਾਮਲ ਹਨ। ਆਈਐਮਡੀ ਦੇ ਅਧਿਕਾਰੀ ਨੇ ਕਿਹਾ ਕਿ ਮਾਨਸੂਨ ਦੇ 27 ਜੂਨ ਦੀ ਆਮ ਸ਼ੁਰੂਆਤ ਦੀ ਮਿਤੀ ਤੋਂ ਪਹਿਲਾਂ 22-23 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਇਸ ਹਫ਼ਤੇ ਦੱਖਣ-ਪੱਛਮੀ ਮਾਨਸੂਨ ਦੇ ਦੁਬਾਰਾ ਤੇਜ਼ ਹੋਣ ਨਾਲ ਮਾਨਸੂਨ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਉੱਤਰ ਪ੍ਰਦੇਸ਼, ਦਿੱਲੀ ਸਮੇਤ 25 ਜੂਨ ਤੱਕ ਪਹੁੰਚ ਸਕਦਾ ਹੈ, ਜੋ ਆਮ ਤਰੀਕਾਂ ਤੋਂ ਕਾਫ਼ੀ ਪਹਿਲਾਂ ਹੈ। ਇਸ ਵਾਰ ਮਾਨਸੂਨ 24 ਮਈ ਨੂੰ ਹੀ ਕੇਰਲ ਪਹੁੰਚਿਆ ਸੀ। ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਸਾਲ 2009 ਵਿੱਚ ਮਾਨਸੂਨ 23 ਮਈ ਨੂੰ ਕੇਰਲ ਪਹੁੰਚਿਆ ਸੀ। 

ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਿੱਚ ਇੱਕ ਮਜ਼ਬੂਤ ​​ਘੱਟ ਦਬਾਅ ਪ੍ਰਣਾਲੀ ਕਾਰਨ ਅਗਲੇ ਕੁਝ ਦਿਨਾਂ ਵਿੱਚ ਮਾਨਸੂਨ ਤੇਜ਼ੀ ਨਾਲ ਵਧਿਆ ਹੈ ਤੇ 29 ਮਈ ਤੱਕ ਇਹ ਮੁੰਬਈ ਸਮੇਤ ਮੱਧ ਮਹਾਰਾਸ਼ਟਰ ਤੇ ਪੂਰੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ। ਹਾਲਾਂਕਿ, ਇਹ 28-29 ਮਈ ਤੋਂ 10-11 ਜੂਨ ਤੱਕ ਸਥਿਰ ਰਿਹਾ ਤੇ ਦੁਬਾਰਾ ਸਰਗਰਮ ਹੋ ਗਿਆ। ਵਿਭਾਗ ਅਨੁਸਾਰ ਜੂਨ ਦੀ ਸ਼ੁਰੂਆਤ ਤੋਂ ਮੀਂਹ ਦੀ ਘਾਟ ਕਾਰਨ, ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਸ ਕਾਰਨ ਉੱਤਰ-ਪੱਛਮ ਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ ਵਿੱਚ 8-9 ਜੂਨ ਤੱਕ ਗੰਭੀਰ ਗਰਮੀ ਦੀਆਂ ਸਥਿਤੀਆਂ ਪੈਦਾ ਹੋ ਗਈਆਂ।

ਦੱਸ ਦਈਏ ਕਿ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਤਾਪਮਾਨ 4.9 ਡਿਗਰੀ ਘੱਟ ਗਿਆ ਹੈ। ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਸੂਬੇ ਵਿੱਚ ਸਭ ਤੋਂ ਗਰਮ ਰਿਹਾ, ਜਿੱਥੇ 42.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅੱਜ 12 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਛੇ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਤੇ ਪਟਿਆਲਾ ਵਿੱਚ ਗਰਜ-ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਇਲਾਕਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਦੋਂਕਿ ਬਿਜਲੀ ਵੀ ਚਮਕੇਗੀ। ਚੰਡੀਗੜ੍ਹ ਵਿੱਚ ਤਾਪਮਾਨ 4 ਡਿਗਰੀ ਘੱਟ ਗਿਆ, ਜਿਸ ਕਾਰਨ ਇਹ ਹੁਣ 37.7 ਡਿਗਰੀ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ 20 ਤਰੀਕ ਤੱਕ ਕੋਈ ਹੀਟਵੇਵ ਅਲਰਟ ਨਹੀਂ ਹੈ ਤੇ ਬਾਰਸ਼ ਜਾਰੀ ਰਹੇਗੀ। ਭਾਰਤੀ ਮੌਸਮ ਵਿਭਾਗ ਅਨੁਸਾਰ, ਰੂਪਨਗਰ, ਮੋਹਾਲੀ, ਪਟਿਆਲਾ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਗਰਜ, ਬਿਜਲੀ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ) ਚੱਲਣ ਦੀ ਸੰਭਾਵਨਾ ਹੈ।