Weather Update: ਪੰਜਾਬ ਇਸ ਵਾਰ ਸੋਕੇ ਦੀ ਮਾਰ ਹੇਠ ਹੈ। ਅਗਸਤ ਦੇ ਅਖੀਰ ਤੇ ਸਤੰਬਰ ਦੇ ਪਹਿਲੇ ਹਫਤੇ ਬਾਰਸ਼ ਹੋਣ ਦੇ ਬਾਵਜੂਦ ਸੂਬੇ ਦੇ ਕਈ ਖੇਤਰ ਅਜੇ ਵੀ ਰੈੱਡ ਜ਼ੋਨ ਵਿੱਚ ਹਨ। ਪੰਜਾਬ ਵਿੱਚ ਇਸ ਸੀਜ਼ਨ ਵਿੱਚ ਕਮਜ਼ੋਰ ਮਾਨਸੂਨ ਕਾਰਨ ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੋਇਆ ਹੈ। ਇਸ ਵਾਰ ਆਮ ਨਾਲੋਂ 23 ਫੀਸਦੀ ਘੱਟ ਮੀਂਹ ਪਿਆ ਹੈ। 



ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 7 ਸਤੰਬਰ ਤੱਕ ਸੂਬੇ ਵਿੱਚ 388.4 ਮਿਲੀਮੀਟਰ ਵਰਖਾ ਹੋ ਜਾਂਦੀ ਹੈ ਜਦੋਂਕਿ ਹੁਣ ਤੱਕ ਸਿਰਫ਼ 298.7 ਮਿਲੀਮੀਟਰ ਹੀ ਮੀਂਹ ਪਿਆ ਹੈ। ਹੁਣ ਮਾਨਸੂਨ ਵੀ ਕਮਜ਼ੋਰ ਪੈ ਗਈ ਹੈ ਤੇ ਸ਼ੰਕਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਨਹੀਂ ਪਵੇਗਾ।


ਡੈਮ ਦੀ ਹਾਲਤ ਚਿੰਤਾਜਨਕ 


ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਘੱਟ ਬਾਰਸ਼ ਉੱਤਰੀ ਭਾਰਤ ਦੇ ਤਿੰਨ ਵੱਡੇ ਡੈਮਾਂ ਭਾਖੜਾ, ਪੌਂਗ ਤੇ ਥੀਨ ਨੂੰ ਪ੍ਰਭਾਵਿਤ ਕਰ ਰਹੀ ਹੈ। 6 ਸਤੰਬਰ ਦੀ ਸਵੇਰ ਤੱਕ ਸਤਲੁਜ ਦਰਿਆ 'ਤੇ ਭਾਖੜਾ ਡੈਮ ਦੀ ਭਰਾਈ 1642.47 ਫੁੱਟ ਦਰਜ ਕੀਤੀ ਗਈ। ਇਹ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 27 ਫੀਸਦੀ ਖਾਲੀ ਹੈ।



ਬਿਆਸ ਦਰਿਆ 'ਤੇ ਪੌਂਗ ਡੈਮ ਦੀ ਭਰਾਈ 1363.23 ਫੁੱਟ ਹੈ, ਜੋ ਆਪਣੀ ਸਮਰੱਥਾ ਤੋਂ 34 ਫੀਸਦੀ ਖਾਲੀ ਹੈ। ਇਸੇ ਤਰ੍ਹਾਂ ਰਾਵੀ ਦਰਿਆ 'ਤੇ ਬਣੇ ਥੀਨ ਡੈਮ ਦੀ ਭਰਾਈ 1645.81 ਫੁੱਟ ਹੈ ਜੋ ਆਪਣੀ ਪੂਰੀ ਸਮਰੱਥਾ ਤੋਂ 50 ਫੀਸਦੀ ਖਾਲੀ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ 2025 ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਨੂੰ ਸਿੰਚਾਈ ਤੇ ਬਿਜਲੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ 'ਚ ਐਕਟਿਵ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ। ਇਸ ਤੋਂ ਬਾਅਦ ਹੁਣ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਗਿਆਨ ਕੇਂਦਰ (ਆਈਐਮਡੀ) ਮੁਤਾਬਕ ਪੰਜਾਬ ਤੇ ਚੰਡੀਗੜ੍ਹ 'ਚ ਹੁਣ ਮੀਂਹ ਦੀ ਸੰਭਾਵਨਾ ਜ਼ੀਰੋ ਤੋਂ 25 ਫੀਸਦੀ ਤੱਕ ਸੀਮਤ ਹੈ।