ਨਵੀਂ ਦਿੱਲੀ: ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਰਾਜਧਾਨੀ ਦਿੱਲੀ ਸਣੇ ਨਾਲ ਲੱਗਦੇ ਕਈ ਰਾਜਾਂ ਵਿੱਚ ਕਾਫੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। 15 ਦਸੰਬਰ ਤੋਂ ਹੀ ਉੱਤਰੀ ਭਾਰਤ ਦੇ ਬਹੁਤੇ ਰਾਜਾਂ ਵਿੱਚ ਬਹੁਤ ਜ਼ਿਆਦਾ ਠੰਢ ਦੀ ਸਥਿਤੀ ਬਣੀ ਹੋਈ ਹੈ। ਅੱਜ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਈ।

ਕੱਲ੍ਹ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਇਹੋ ਸਥਿਤੀ ਜਾਰੀ ਰਹੇਗੀ। ਕੜਾਕੇ ਦੀ ਠੰਢ ਦੇ ਨਾਲ ਨਾਲ, ਨਾ ਸਿਰਫ ਠੰਢੀਆਂ ਹਵਾਵਾਂ ਬਲਕਿ ਧੁੰਦ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦੱਸ ਦਈਏ ਕਿ ਅੱਜ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਹੈ।

ਠੰਢ ਦਾ ਅਸਰ ਹਵਾਈ ਅਤੇ ਰੇਲ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆ। ਇਸ ਕਾਰਨ 24 ਟ੍ਰੇਨਾਂ ਦੋ ਤੋਂ ਪੰਜ ਘੰਟੇ ਦੇਰੀ ਨਾਲ ਰਵਾਨਾ ਹੋਈਆਂ।