ਚੰਡੀਗੜ੍ਹ: ਅੱਜਕੱਲ੍ਹ ਪੰਜਾਬ ਦੀ ਸਿਆਸਤ 'ਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਅਸਤੀਫਾ ਦੀ ਲਗਾਤਾਰ ਮੰਗ ਉੱਠ ਰਹੀ ਹੈ। ਇਹ ਮੰਗ ਕਰਨ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਅਮਨ ਅਰੋੜਾ, ਹਿੰਮਤ ਸ਼ੇਰਗਿੱਲ ਤੇ ਬਲਜਿੰਦਰ ਕੌਰ ਨੇ ਵੀ ਖ਼ਹਿਰਾ ਖ਼ਿਲਾਫ ਬਿਆਨਬਾਜ਼ੀ ਕੀਤੀ ਸੀ।
ਸਵਾਲ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਹੀ ਉਨ੍ਹਾਂ ਖ਼ਿਲਾਫ ਮੋਰਚਾ ਕਿਉਂ ਖੋਲ੍ਹ ਰਹੇ ਹਨ। ਖ਼ਾਸ ਤੌਰ 'ਤੇ ਉਨ੍ਹਾਂ ਦੀ ਪਾਰਟੀ ਦੇ ਲੀਡਰ ਵੀ ਨਾਰਾਜ਼ ਹਨ। ਦਰਅਸਲ ਪਿਛਲੇ 10 ਸਾਲਾਂ 'ਚ ਪੰਜਾਬ ਦੀ ਸਿਆਸਤ 'ਚ ਖਹਿਰਾ ਹੀ ਇੱਕ ਅਜਿਹੇ ਸ਼ਖ਼ਸ ਰਹੇ ਹਨ ਜਿਨ੍ਹਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਖ਼ਿਲਾਫ ਵੱਡੇ ਮੋਰਚੇ ਖੋਲ੍ਹੇ ਹਨ। ਇਸੇ ਤਰ੍ਹਾਂ ਹੀ ਉਹ ਪੰਜਾਬ ਦੇ ਸੁਮੇਧ ਸੈਣੀ ਵਰਗੇ ਡੀਜਪੀ ਪੱਧਰ 'ਤੇ ਅਧਿਕਾਰੀ ਖ਼ਿਲਾਫ ਵੀ ਮੋਰਚੇ ਖੋਲ੍ਹਦੇ ਰਹੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਖਹਿਰਾ ਜਦੋਂ ਨਸ਼ੇ ਦੇ ਗੰਭੀਰ ਮਾਮਲੇ 'ਚ ਫਸੇ ਹਨ ਤਾਂ ਸਾਰੀਆਂ ਪਾਰਟੀਆਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ। ਖ਼ੁਦ ਸੁਖਪਾਲ ਖਹਿਰਾ ਵੀ ਇਹ ਗੱਲ ਮੰਨਦੇ ਹਨ ਕਿ ਉਨ੍ਹਾਂ ਨੂੰ ਇਸੇ ਕਰਕੇ ਤੰਗ ਕੀਤਾ ਜਾ ਰਿਹਾ ਹੈ।
ਹੁਣ ਸਵਾਲ ਇਹ ਹੈ ਕਿ 'ਆਪ' ਪਾਰਟੀ ਦੇ ਲੋਕ ਕਿਉਂ ਉਨ੍ਹਾਂ ਖ਼ਿਲਾਫ ਹਨ। ਦਰਅਸਲ ਇਹ ਮੰਨਿਆ ਜਾਂਦਾ ਹੈ ਕਿ ਖਹਿਰਾ ਬਹੁਤ ਜ਼ਿਆਦਾ ਸੈਲਫ ਸੈਂਟਰਡ ਹਨ। ਇਸੇ ਕਰਕੇ ਉਨ੍ਹਾਂ ਦੇ ਕਰੀਬੀ ਵੀ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਹਨ। ਹਾਲਾਂਕਿ ਖਹਿਰਾ ਇਸ ਗੱਲ ਤੋਂ ਇਨਕਾਰ ਕਰਦੇ ਹਨ। ਹੁਣ ਦੇਖਣਾ ਇਹ ਹੈ ਕਿ ਡਰੱਗ ਮਾਮਲੇ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਲੀਡਰ ਰੱਖਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਖਹਿਰਾ ਦੀ ਛੁੱਟੀ ਹੋ ਸਕਦੀ ਹੈ।