ਚੰਡੀਗੜ੍ਹ: ‘ਆਮ ਆਦਮੀ ਪਾਰਟੀ’ (ਆਪ) ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਬਿਜਲੀ ਦੀ ਖ਼ਰੀਦ ਲਈ ਅਡਾਨੀ ਗਰੁੱਪ ਨਾਲ ਸਮਝੌਤਾ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਦੋਸ਼ ਲਾਇਆ ਹੈ। ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠ ਤੇ ਝੂਠੇ ਪ੍ਰਚਾਰ ਰਾਹੀਂ ਪੰਜਾਬ ਵਿੱਚ ਆਪਣੀ ਪਾਰਟੀ ਦਾ ਹੋਛਾ ਚੋਣ ਏਜੰਡਾ ਅੱਗੇ ਵਧਾਉਣ ਦੇ ਚੱਕਰ ਵਿੱਚ ਹਨ।


‘ਅਡਾਨੀ ਪਾਵਰ’ ਤੋਂ ਬਿਜਲੀ ਦੀ ਖ਼ਰੀਦ ਨਾਲ ਸਬੰਧਤ ਦੋਸ਼ ਨੂੰ ਨਕਾਰਦਿਆਂ ਕੈਪਟਨ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਅੰਬਾਨੀਆਂ ਸਹਾਰੇ ਤਰੱਕੀ ਕਰ ਰਹੀ ਹੈ। ਕੇਜਰੀਵਾਲ ਸਰਕਾਰ ਤਾਂ ਰਿਲਾਇੰਸ ਵੱਲੋਂ ਚਲਾਈ ਜਾ ਰਹੀ ਕੰਪਨੀ ਬੀਐਸਈਐਸ ਅਧੀਨ ਦਿੱਲੀ ਦੇ ਬਿਜਲੀ ਖੇਤਰ ਵਿੱਚ ਹੋਏ ਸੁਧਾਰਾਂ ਨੂੰ ਸਭ ਤੋਂ ਵੱਡੀ ਪ੍ਰਾਪਤੀ ਦੱਸਣ ਦਾ ਢੋਲ ਵਜਾ ਰਹੀ ਹੈ। ਕੈਪਟਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਖੇਤੀ ਸੁਧਾਰ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੋਟੀਫ਼ਾਈ ਕਰ ਦਿੱਤਾ, ਜਦੋਂ ਕਿਸਾਨ ਇਨ੍ਹਾਂ ਕਾਨੂੰਨਾਂ ਵਿਰੁੱਧ ਦਿੱਲੀ ਆ ਰਹੇ ਸਨ।

ਅਰਵਿੰਦ ਕੇਜੀਰਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, ਕੈਪਟਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹਿਆ ਹਾਂ। ਮੈਂ ਦਿੱਲੀ ਦੀ ਸਟੇਡੀਅਮ ਜੇਲ੍ਹ ਨਹੀਂ ਬਣਨ ਦਿੱਤੇ, ਕੇਂਦਰ ਨਾਲ ਲੜਿਆ। ਮੈਂ ਕਿਸਾਨਾਂ ਦਾ ਸੇਵਾਦਾਰ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਆਪਣੇ ਬੇਟੇ ਦਾ ਈਡੀ ਕੇਸ ਨੂੰ ਮੁਆਫ ਕਰਾਉਣ ਲਈ ਕੇਂਦਰ ਨਾਲ ਸੈਟਿੰਗ ਕਰ ਲਈ। ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?


ਕੈਪਟਨ ਨੇ ਐਮਪੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਬਾਰੇ ਕਿਹਾ ਕਿ ਉਹ ਕੇਵਲ ਇੱਕ ਕਾਮੇਡੀਅਨ ਹੈ, ਜਿਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਪੰਜਾਬ ਵਿੱਚ ਬਿਜਲੀ ਸਬੰਧੀ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਸਥਿਤੀ ਨੂੰ ਪ੍ਰੀਖਿਆ ਨਹੀਂ। ਕੇਜਰੀਵਾਲ ਤੇ ‘ਆਪ’ ਪੰਜਾਬ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਸਮਝਦੇ।

ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾ ਤੇ ਕਾਰਪੋਰੇਟ ਘਰਾਣਿਆਂ ਬਾਰੇ ਕੈਪਟਨ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਦਿਨ-ਰਾਤ ਦਾ ਫ਼ਰਕ ਹੈ। ਤਾਜ਼ਾ ਬਿਜਲੀ ਸਮਝੌਤੇ ਤੋਂ ਸਿੱਧ ਹੋ ਗਿਆ ਹੈ ਕਿ ਕੈਪਟਨ ਹੁਣ ਭਾਜਪਾ ਦੇ ਮੁੱਖ ਮੰਤਰੀ ਵਜੋਂ ਕੰਮ ਕਰਦਿਆਂ ਮੋਦੀ ਸਰਕਾਰ ਦੇ ਇਸ਼ਾਰਿਆਂ ’ਤੇ ਨੱਚ ਰਹੇ ਹਨ।