ਚੰਡੀਗੜ੍ਹ (ਸੇਵਾ ਸਿੰਘ ਵਿਰਕ): ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਵੱਡੇ ਖੁਲਾਸੇ ਹੋਣ ਲੱਗੇ ਹਨ। 25 ਅਗਸਤ ਨੂੰ ਜੋ ਕੁਝ ਵੀ ਵਾਪਰਿਆ ਇਸ ਦੀ ਸਕ੍ਰਿਪਟ ਪਹਿਲਾਂ ਹੀ ਬਲਾਤਕਾਰੀ ਬਾਬਾ ਨੇ ਲਿਖੀ ਹੋਈ ਸੀ। ਇਸ ਬਾਰੇ ਡੇਰੇ ਦੇ ਆਮ ਸ਼ਰਧਾਲੂਆਂ ਨੂੰ ਕੁਝ ਦੱਸਿਆ ਹੀ ਗਿਆ ਸੀ। ਆਮ ਸ਼ਰਧਾਲੂਆਂ ਨੂੰ ਮਨੁੱਖੀ ਢਾਲ ਵਜੋਂ ਹੀ ਵਰਤਣ ਦੀ ਯੋਜਨਾ ਸੀ। ਅਸਲ ਕੰਮ ਡੇਰੇ ਦੇ ਪੂਰੀ ਤਰ੍ਹਾਂ ਸੁਰੱਖਿਅਤ ਗੁੰਡਿਆਂ ਨੇ ਹੀ ਕਰਨ ਸੀ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡੇਰੇ ਦੇ ਕੁਝ ਗੁੰਡਿਆਂ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 'ਟਮਾਟਰ ਫੋੜੋ' ਕੋਡ ਵਰਡ ਦਿੱਤਾ ਗਿਆ ਸੀ। ਇਸ ਦਾ ਮਤਲਬ ਸੀ ਕਿ 'ਟਮਾਟਰ ਫੋੜੋ' ਦਾ ਐਲਾਨ ਹੁੰਦਿਆਂ ਹੀ ਪੰਜਾਬ ਤੇ ਹਰਿਆਣਾ ਵਿੱਚ ਪੈਟਰੋਲ ਬੰਬਾਂ ਨਾਲ ਹਮਲਾ ਕਰ ਦੇਣਾ ਸੀ। ਇਸ ਯੋਜਨਾ ਤਹਿਤ ਸਰਕਾਰੀ ਜਾਇਦਾਦ ਨੂੰ ਹੀ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਬਾਰੇ ਸਾਰੀ ਯੋਜਨਾ ਬਣਾਉਣ ਲਈ 23 ਅਗਸਤ ਨੂੰ ਸਿਰਸਾ ਵਿੱਚ ਗੁਪਤ ਮੀਟਿੰਗ ਹੋਈ ਸੀ।

ਇਸ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਜੇਕਰ ਸੀਬੀਆਈ ਅਦਾਲਤ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦੀ ਹੈ ਤਾਂ 'ਟਮਾਟਰ ਫੋੜੋ' ਕੋਡ ਵਰਡ ਨਾਲ ਡੇਰੇ ਦੇ ਗੁੰਡਿਆਂ ਨੂੰ ਦਹਿਸ਼ਤੀ ਹਮਲੇ ਕਰਨ ਲਈ ਹਰੀ ਝੰਡੀ ਦੇ ਦਿੱਤੀ ਜਾਵੇ। ਤੈਅ ਪ੍ਰੋਗਰਾਮ ਮੁਤਾਬਕ ਇਹ ਹੀ ਸਭ ਕੁਝ ਵਾਪਰਿਆ। 25 ਅਗਸਤ ਨੂੰ ਜਿਉਂ ਹੀ ਅਦਾਲਤ ਨੇ ਡੇਰਾ ਮੁਖੀ ਨੂੰ ਬਲਾਤਕਾਰੀ ਐਲਾਨਿਆ ਤਾਂ ਇੱਕੋ ਵੇਲੇ ਪੰਜਾਬ ਤੇ ਹਰਿਆਣਾ ਵਿੱਚ 42 ਹਿੰਸਕ ਘਟਨਾਵਾਂ ਹੋਈਆਂ। ਇਨ੍ਹਾਂ ਬਹੁਤੀਆਂ ਘਟਨਾਵਾਂ ਵਿੱਚ ਖਾਸ ਪੈਟਰੋਲ ਬੰਬ ਵਰਤੇ ਗਏ।

ਇਸ ਤੋਂ ਸਪਸ਼ਟ ਹੈ ਕਿ ਡੇਰਾ ਮੁਖੀ ਨੂੰ ਬਲਾਤਕਾਰੀ ਐਲਾਨੇ ਜਾਣ ਮਗਰੋਂ ਆਮ ਸ਼ਰਧਾਲੂਆਂ ਦਾ ਗੁੱਸਾ ਨਹੀਂ ਭੜਕਿਆ ਬਲਕਿ ਖਾਸ ਟਰੇਂਡ ਗੁੰਡਿਆਂ ਨੇ ਯੋਜਨਾਬੱਧ ਤਰੀਕੇ ਨਾਲ ਇਹ ਦਹਿਸ਼ਤ ਫੈਲਾਈ। ਡੇਰੇ ਦੇ ਪ੍ਰਬੰਧਕਾਂ ਨੂੰ ਉਮੀਦ ਸੀ ਕਿ ਹਿੰਸਾ ਸ਼ੁਰੂ ਹੋਣ ਮਗਰੋਂ ਆਮ ਸ਼ਰਧਾਲੂ ਵੀ ਇਸ ਵਿੱਚ ਸ਼ਾਮਲ ਹੋ ਜਾਣਗੇ। ਇਸ ਸਰਕਾਰ ਤੇ ਅਦਾਲਤ 'ਤੇ ਦਬਾਅ ਬਣਾਇਆ ਜਾ ਸਕੇਗਾ ਪਰ ਡੇਰੇ ਦੀ ਇਹ ਯੋਜਨਾ ਨੂੰ ਆਮ ਸ਼ਰਧਾਲੂਆਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ।

ਪੰਜਾਬ ਦੇ ਬੱਲੂਆਣਾ ਸਟੇਸ਼ਨ 'ਤੇ ਕੀਤੀ ਗਈ ਸਾੜਫੂਕ ਦੇ ਮੁਲਜ਼ਮਾਂ ਕਾਕਾ ਸਿੰਘ, ਗੁਰਦੇਵ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ ਤੇ ਵੇਦ ਚੰਦ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ 'ਟਮਾਟਰ ਫੋੜੋ' ਕੋਡ ਵਰਡ ਦਿੱਤਾ ਗਿਆ ਸੀ। ਇਹ ਕੋਡ ਰਾਹੀਂ ਇਸ਼ਾਰਾ ਮਿਲਦਿਆਂ ਹੀ ਉਨ੍ਹਾਂ ਨੇ ਦਹਿਸ਼ਤੀ ਕਾਰਵਾਈ ਕਰ ਦਿੱਤੀ।

ਇਹ ਵੀ ਖਬਰ ਸਾਹਮਣੇ ਆਈ ਕਿ ਦੋਸ਼ੀ ਠਹਿਰਾਏ ਜਾਣ 'ਤੇ ਡੇਰਾ ਮੁਖੀ ਨੂੰ ਪੁਲਿਸ ਤੋਂ ਛੁਡਵਾਉਣ ਦੀ ਵੀ ਯੋਜਨਾ ਬਣਾਈ ਹੋਈ ਸੀ। ਇਸ ਕੰਮ ਨੂੰ ਡੇਰਾ ਮੁਖੀ ਦੇ ਸੱਤ ਗੰਨਮੈਨਾਂ ਨੇ ਕਰਨਾ ਸੀ। ਇਨ੍ਹਾਂ ਵਿੱਚ ਪੰਜ ਹਰਿਆਣਾ ਪੁਲਿਸ ਦੇ ਹੀ ਮੁਲਾਜ਼ਮ ਹਨ। ਇਨ੍ਹਾਂ ਨੇ ਰਾਮ ਰਹੀਮ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰਾ ਕੰਟਰੋਲ ਫੌਜ ਹੱਥ ਹੋਣ ਕਰਕੇ ਉਨ੍ਹਾਂ ਦੀ ਯੋਜਨਾ ਧਰੀ-ਧਰਾਈ ਰਹਿ ਗਈ।