ਬਰਨਾਲਾ: ਮੰਡੀਆਂ 'ਚ ਕਣਕ ਦੀਆਂ ਫ਼ਸਲਾਂ ਦੇ ਅੰਬਾਰ ਲੱਗੇ ਹਨ। ਇਸੇ ਦਰਮਿਆਨ ਹੀ ਪੰਜਾਬ ਭਰ 'ਚ ਮੌਸਮ ਦੇ ਮਿਜਾਜ਼ ਬਦਲ ਗਏ। ਤਾਜ਼ਾ ਪਏ ਮੀਂਹ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਦਿੱਤਾ ਹੈ। ਅਜਿਹੇ 'ਚ ਕਿਸਾਨ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਆਸਮਾਨ ਹੇਠ ਪਈ ਹੈ।


ਬਰਨਾਲਾ ਦੀ ਦਾਣਾ ਮੰਡੀ ਵਿੱਚ ਮੀਂਹ ਤੋਂ ਕਣਕ ਦੀ ਫ਼ਸਲ ਬਚਾਉਣ ਲਈ ਸਰਕਾਰ ਜਾਂ ਪ੍ਰਸ਼ਾਸ਼ਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਖੁੱਲ੍ਹੇ ਅਸਮਾਨ ਥੱਲੇ ਪਈਆਂ ਜਿੱਥੇ ਕਣਕ ਦੀਆਂ ਬੋਰੀਆਂ ਮੀਂਹ ਵਿੱਚ ਭਿੱਜ ਗਈਆਂ, ਉੱਥੇ ਹੀ ਕਿਸਾਨਾ ਦੀ ਫ਼ਸਲ ਵੀ ਭਿੱਜ ਗਈ। ਕਿਸਾਨਾਂ ਵੱਲੋਂ ਆੜ੍ਹਤੀਆਂ ਦੀ ਮਦਦ ਨਾਲ ਆਪਣੇ ਪੱਧਰ ’ਤੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੇ ਪ੍ਰਬੰਧ ਕੀਤੇ ਗਏ।


ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਵੜ ਗਿਆ ਜਿਸ ਕਰਕੇ ਕਿਸਾਨਾਂ ਨੂੰ ਹੁਣ ਫ਼ਸਲ ਵੇਚਣ ਲਈ ਕਈ ਦਿਨ ਮੁੜ ਮੰਡੀਆਂ ਵਿੱਚ ਰੁਲਣਾ ਪਵੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਫ਼ਸਲ ਲੈ ਕੇ ਬੈਠੇ ਹਨ ਪਰ ਬਾਰਦਾਨੇ ਦੀ ਘਾਟ ਕਾਰਨ ਉਨ੍ਹਾਂ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ।


ਪਹਿਲਾਂ ਸਰਕਾਰ ਨੇ 10 ਦਿਨ ਖ਼ਰੀਦ ਵਿੱਚ ਦੇਰੀ ਕਰ ਦਿੱਤੀ। ਇਸ ਉਪਰੰਤ ਲੇਬਰ ਦੀ ਘਾਟ ਤੇ ਹੁਣ ਬਾਰਦਾਨੇ ਦੀ ਘਾਟ ਕਾਰਨ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਕਿਸਾਨਾਂ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਮੀਂਹ ਦੌਰਾਨ ਸਾਰ ਤੱਕ ਲੈਣ ਨਹੀਂ ਪੁੱਜਿਆ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਆੜ੍ਹਤੀਆਂ ਦੀ ਮਦਦ ਨਾਲ ਤਰਪਾਲਾਂ ਦੇ ਪ੍ਰਬੰਧ ਕਰਕੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫ਼ਿਰ ਵੀ ਪਾਣੀ ਕਣਕ ਦੀਆਂ ਢੇਰੀਆਂ ਵਿੱਚ ਵੜ ਗਿਆ ਹੈ।


ਇਸ ਕਰਕੇ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਮੁੜ ਕਈ ਕਈ ਦਿਨ ਮੰਡੀਆਂ ਵਿੱਚ ਬੈਠਣਾ ਪਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜੋ ਉਨ੍ਹਾਂ ਦੀ ਫ਼ਸਲ ਖ਼ਰੀਦਣ ਵਿੱਚ ਦੇਰੀ ਕਰ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਫ਼ਸਲ ਨਾ ਖ਼ਰੀਦੀ ਗਈ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ।