ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸਾਲ ਰਾਜ ਕਰ ਗਏ ਹਨ ਪਰ ਵਾਅਦੇ ਮੁਤਾਬਕ ਲੋਕਾਂ ਦੇ ਖਾਤਿਆਂ ਵਿੱਚ 15-15 ਲੱਖ ਰੁਪਏ ਨਹੀਂ ਪਾ ਕੇ ਗਏ। ਉਂਝ ਮੋਦੀ ਨੇ ਇਹ ਵਾਅਦੇ ਭਾਸ਼ਣਾਂ ਵਿੱਚ ਹੀ ਕੀਤੇ ਸੀ। ਇਹ ਬੀਜੇਪੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਨਹੀਂ ਸੀ। ਇਸ ਕਰਕੇ ਪਿਛਲੇ ਪੰਜ ਸਾਲ 15-15 ਲੱਖ ਰੁਪਏ ਵਾਲਾ ਜੁਮਲਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਰਿਹਾ।


 

ਚੋਣਾਂ ਦੇ ਐਲਾਨ ਮਗਰੋਂ ਇੱਕ ਵਾਰ ਇਹ ਮੁੱਦਾ ਫਿਰ ਭਖ ਗਿਆ ਹੈ। ਸੋਮਵਾਰ ਨੂੰ ਮੋਦੀ ਕੋਲੋਂ 15-15 ਲੱਖ ਰੁਪਏ ਲੈਣ ਲਈ ਲੋਕਾਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ। ਇਸ ਵਿੱਚ ਲੋਕਾਂ ਨੇ ਆਪਣੇ ਖਾਤੇ ਨੰਬਰ ਵੀ ਦਿੱਤੇ ਹੋਏ ਹਨ। ਦਿਲਚਸਪ ਗੱਲ਼ ਹੈ ਕਿ ਇਹ ਰਕਮ ਵਿਆਜ ਪਾ ਕੇ ਦੋ ਕਰੋੜ ਰੁਪਏ ਤੋਂ ਵੱਧ ਬਣਦੀ ਹੈ।

ਜੈ ਪ੍ਰਕਾਸ਼ ਜੈਨ ਵੱਲੋਂ ਲਿਖੇ ਪੱਤਰ ’ਚ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਰਕਮ ਉਸ ਦੇ ਖਾਤੇ ਵਿੱਚ ਪਾਈ ਜਾਵੇ ਕਿਉਂਕਿ ਉਸ ਨੇ ਲੋਕ ਸਭਾ ਦੀ ਚੋਣ ਲੜਨੀ ਹੈ ਤੇ ਉਸ ਨੂੰ ਪੈਸਿਆਂ ਦੀ ਲੋੜ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਕੋਲੋਂ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਮੰਤਰੀ ਨਾਲ ਈ-ਮੇਲ ਜਾਂ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ਦੇ ਪੈਸੇ ਦੁਆਏ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ।