ਰਾਹੁਲ ਕਾਲਾ


ਚੰਡੀਗੜ੍ਹ/ਪਠਾਨਕੋਟ: ਗੁੰਮਸ਼ੁਦਾ ਦੀ ਤਲਾਸ਼...ਗੁੰਮਸ਼ੁਦਾ ਦੀ ਤਲਾਸ਼...ਮੈਂਬਰ ਪਾਰਲੀਮੈਂਟ ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਲਾਪਤਾ ਹੋ ਗਏ ਹਨ। ਜੀ ਹਾਂ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ ਜਾ ਰਹੇ ਹਨ।


 

ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਵੋਟਾਂ ਲੈਣ ਤੋਂ ਬਾਅਦ ਮੁੜ ਹਲਕੇ 'ਚ ਦਿਖਾਈ ਨਹੀਂ ਦਿੱਤੇ। ਇਨ੍ਹਾਂ ਨੇ ਆਪਣੇ ਐਮਪੀ ਸੰਨੀ ਦਿਓ ਨੂੰ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਚੁਣਿਆ ਸੀ ਪਰ ਹੁਣ ਸਾਂਸਦ ਹੀ ਸਮੱਸਿਆ ਬਣ ਗਿਆ ਹੈ ਤਾਂ ਲੋਕ ਕਿਸ ਨੂੰ ਆਪਣੀਆਂ ਪ੍ਰੇਸ਼ਾਨੀਆਂ ਦੱਸਣ।

ਦੱਸ ਦਈਏ ਕਿ ਲੋਕ ਸਭਾ 2019 ਦੀਆਂ ਚੋਣਾਂ ਵਿੱਚ ਸੰਨੀ ਦਿਓਲ ਨੂੰ ਬੀਜੇਪੀ ਨੇ ਗੁਰਦਸਾਪੁਰ ਚੋਣ ਮੈਦਾਨ 'ਚ ਉਤਾਰਿਆ ਸੀ। ਸੰਨੀ ਦੇ ਮੁਕਾਬਲੇ ਕਾਂਰਗਸ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਲੜਾਈ ਸੀ। ਬਾਲੀਵੁੱਡ 'ਚੋਂ ਸਿੱਧਾਂ ਸਿਆਸਤ 'ਚ ਸੰਨੀ ਦੀ ਐਂਟਰੀ ਗੁਰਦਾਸਪੁਰ ਦੇ ਲੋਕਾਂ ਨੂੰ ਪੰਸਦ ਆਈ ਤੇ ਆਪਣੇ ਚਹੇਤੇ ਸਟਾਰ ਨੂੰ ਲੀਡਰ ਬਣਾਇਆ।

ਸੰਨੀ ਦਿਓਲ ਗੁਰਦਾਪੁਰ ਦੀ ਸੀਟ 77 ਹਜ਼ਾਰ 9 ਵੋਟਾਂ ਨਾਲ ਜਿੱਤੇ। ਸੰਨੀ ਨੂੰ 5,51,177 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ 4,74,168 ਹੀ ਹਾਸਲ ਕਰ ਸਕੇ। ਜਿੱਤਣ ਤੋਂ ਬਾਅਦ ਤੇ ਪਹਿਲਾਂ ਸੰਨੀ ਦਿਓਲ ਨੇ ਕਾਫੀ ਰੋਡ ਸ਼ੋਅ ਕੱਢੇ। ਵੋਟਾਂ ਲੈਣ ਲਈ ਸੰਨੀ ਨੇ ਤਾਂ ਪਠਾਨਕੋਟ ਤੇ ਗੁਰਦਸਾਪੁਰ ਹੀ ਪੱਕੇ ਡੇਰੇ ਲਾ ਲਏ ਸਨ। ਹਰ ਰੋਜ਼ ਲੋਕਾਂ ਨਾਲ ਰਾਬਤਾ ਕਾਇਮ ਕਰਨਾ, ਨੌਜਵਾਨ ਤੋਂ ਲੈ ਕੇ ਬਜ਼ੁਰਗ ਤਕ ਸਭ ਨਾਲ ਵਿਚਰਨਾ ਸਭ ਨੂੰ ਚੰਗਾ ਲੱਗਾ।

ਇਹ ਥੋੜ੍ਹੇ ਦਿਨ ਹੀ ਰਿਹਾ। ਜਿੱਤਣ ਤੋਂ ਬਾਅਦ ਸੰਨੀ ਦਿਓਲ ਨੇ ਲੋਕਾਂ ਦਾ ਰੋਡ ਸ਼ੋਅ ਕਰਕੇ ਧੰਨਵਾਦ ਕੀਤਾ ਤੇ ਫਿਰ ਉਡਾਰੀ ਮਾਰੀ ਕਲਾਕਾਰਾਂ ਦੇ ਸ਼ਹਿਰ ਮੁੰਬਈ ਵਿੱਚ। ਜਿੱਤ ਦੇ ਇੱਕ ਮਹੀਨ ਬਾਅਦ 16 ਜੂਨ, 2019 ਨੂੰ ਸੰਨੀ ਦਿਓਲ ਨੇ ਗੁਰਦਾਸਪੁਰ ਹਲਕੇ ਦੇ ਕੰਮਕਾਰ, ਮੀਟਿੰਗਾਂ ਤੇ ਇਲਾਕੇ ਦੀ ਸੇਵਾ ਲਈ ਬਕਾਇਦਾ ਲਿਖਤੀ ਰੂਪ 'ਚ ਪੀਏ ਨਿਯੁਕਤ ਕੀਤਾ।

ਆਪਣਾ ਸਿਆਸੀ ਪ੍ਰਤੀਨਿਧੀ ਰੱਖਣ 'ਤੇ ਸੰਨੀ ਦਿਓਲ ਪਹਿਲੀ ਵਾਰ ਸਿਆਸੀ ਵਿਵਾਦ 'ਚ ਫਸੇ। ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਨੇ ਇਸ 'ਤੇ ਸਵਾਲ ਖੜ੍ਹੇ ਕੀਤੇ। ਇਸ ਤੋਂ ਬਾਅਦ ਸੰਨੀ ਨੇ ਸ਼ੋਸਲ ਮੀਡੀਆ 'ਤੇ ਆਪਣੀ ਸਫਾਈ ਦਿੱਤੀ ਸੀ ਤੇ ਵਿਰੋਧੀਆਂ ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ। ਇਸ ਵਿਵਾਦ ਤੋਂ ਬਾਅਦ ਹੁਣ ਮੁੜ ਸੰਨੀ ਦਿਓਲ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਜਨਤਾ ਨੇ ਆਵਾਜ਼ ਉਠਾਈ ਹੈ ਤੇ ਸੰਨੀ ਦਿਓਲ ਦੀ ਭਾਲ ਵਾਲੇ ਪੋਸਟਰ ਲਾਏ ਹਨ।