ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰਾਂ ਦਾ ਸਿਆਸੀ ਆਕਾ ਕੌਣ ਹੈ? ਇਸ ਨੂੰ ਲੈ ਕੇ ਸਭ ਤੋਂ ਤਿੱਖੀਆਂ ਝੜਪਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਹੋ ਰਹੀਆਂ ਹਨ। ਦਿਲਚਸਪ ਹੈ ਕਿ ਅਕਾਲੀ ਸਰਕਾਰ ਵੇਲੇ ਮਜੀਠੀਆ ਉੱਪਰ ਗੈਂਗਸਟਰਾਂ ਨਾਲ ਗੰਢਤੁੱਪ ਦੇ ਇਲਜ਼ਾਮ ਲੱਗਦੇ ਸੀ ਤੇ ਹੁਣ ਕਾਂਗਰਸ ਸਰਕਾਰ ਆਉਣ 'ਤੇ ਮਜੀਠੀਆ ਇਹੀ ਇਲਜ਼ਾਮ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਲਾ ਰਹੇ ਹਨ।
ਦੋਵੇਂ ਲੀਡਰ ਮੀਡੀਆ ਵਿੱਚ ਇੱਕ-ਦੂਜੇ ਨੂੰ ਗੈਂਗਸਟਰਾਂ ਦਾ ਸਰਦਾਰ ਦੱਸਦੇ ਰਹਿੰਦੇ ਹਨ। ਇਸ ਨੂੰ ਲੈ ਕੇ ਵਿਧਾਨ ਸਭਾ ਵਿੱਚ ਵੀ ਦੋਵੇਂ ਲੀਡਰ ਖਹਿਬੜਦੇ ਰਹਿੰਦੇ ਹਨ। ਮੰਗਲਵਾਰ ਨੂੰ ਤਾਂ ਮਜੀਠੀਆ ਤੇ ਰੰਧਾਵਾ ਦੀ ਬਹਿਸ ਇੰਨੀ ਵਧ ਗਈ ਕਿ ਦੋਵਾਂ ਲੀਡਰਾਂ ਨੇ ਬਾਹਾਂ ਟੰਗ ਲਈਆਂ। ਰੰਧਾਵਾ ਤਾਂ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਨਿਕੰਮੀ ਕਰਾਰ ਦੇ ਦਿੱਤਾ ਜਿਸ ਨੇ ਮਜੀਠੀਆ ਖਿਲਾਫ ਕਾਰਵਾਈ ਨਹੀਂ ਕੀਤੀ।
ਮਜੀਠੀਆ ਨੇ ਰੰਧਾਵਾ ’ਤੇ ਗੈਂਗਸਟਰਾਂ ਨਾਲ ਗੰਢਤੁੱਪ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਨੂੰ ਸੱਤਾਧਾਰੀਆਂ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਮਜੀਠੀਆ ਨੇ ਮੰਗ ਕੀਤੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਮੰਤਰੀ-ਗੈਂਗਸਟਰ ਗੱਠਜੋੜ ਦੀ ਸੁਤੰਤਰ ਜਾਂਚ ਕਰਾਈ ਜਾਵੇ।
ਮਜੀਠੀਆ ਨੇ ਆਖਿਆ ਕਿ ਅਪਰਾਧੀਆਂ ਲਈ ਜੇਲ੍ਹਾਂ ਸੁਰੱਖਿਅਤ ਅੱਡੇ ਬਣ ਚੁੱਕੀਆਂ ਹਨ, ਜਿਸ ਕਰਕੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬਦਤਰ ਹੋ ਚੁੱਕੀ ਹੈ। ਗੈਂਗਸਟਰਾਂ ਵੱਲੋਂ ਜੇਲ੍ਹ ਵਿੱਚ ਬੈਠ ਕੇ ਫਿਰੌਤੀ, ਡਕੈਤੀ ਤੇ ਸੁਪਾਰੀ ਲੈ ਕੇ ਕਤਲ ਕਰਨ ਦਾ ਧੰਦਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਜਾ ਰਹੇ ਪਰ ਗੈਂਗਸਟਰਾਂ ਕੋਲ ਜੇਲ੍ਹਾਂ ਅੰਦਰ ਵੀ ਸਮਾਰਟ ਫੋਨ ਹਨ। ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕੇਕ ਕੱਟ ਕੇ ਜੇਲ੍ਹਾਂ ਵਿੱਚ ਜਨਮ ਦਿਨ ਮਨਾ ਰਹੇ ਹਨ ਤੇ ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਖ਼ੁਲਾਸਾ ਕੀਤਾ ਸੀ ਕਿ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕਤਲ ਸਿਆਸੀ ਦੁਸ਼ਮਣੀ ਕਰਕੇ ਗੈਂਗਸਟਰ ਹਰਮਨ ਭੁੱਲਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭੁੱਲਰ, ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਸੀ, ਜਿਸ ਦੀ ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਕਥਿਤ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵੱਖ ਵੱਖ ਕਬੱਡੀ ਫੈਡਰੇਸ਼ਨਾਂ ਨੇ ਵੀ ਸ਼ਿਕਾਇਤ ਕੀਤੀ ਸੀ ਕਿ ਭਗਵਾਨਪੁਰੀਆ ਗੈਂਗ ਕਬੱਡੀ ਖਿਡਾਰੀਆਂ ਨੂੰ ਧਮਕਾ ਰਿਹਾ ਸੀ। ਇਸ ਬਾਰੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਜੀਠੀਆ ਨੇ ਦੋਸ਼ ਲਾਇਆ ਕਿ ਜੇਲ੍ਹ ਮੰਤਰੀ ਵੱਲੋਂ ਪਾਏ ਗਏ ਦਬਾਅ ਕਰਕੇ ਪੁਲਿਸ ਭਗਵਾਨਪੁਰੀਆ ਪਰਿਵਾਰ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ।
ਪੰਜਾਬ 'ਚ ਗੈਂਗਸਟਰਾਂ ਦਾ ਸਿਆਸੀ ਆਕਾ ਕੌਣ ? ਮਜੀਠੀਆ ਜਾਂ ਰੰਧਾਵਾ
ਏਬੀਪੀ ਸਾਂਝਾ
Updated at:
04 Mar 2020 01:30 PM (IST)
ਪੰਜਾਬ ਵਿੱਚ ਗੈਂਗਸਟਰਾਂ ਦਾ ਸਿਆਸੀ ਆਕਾ ਕੌਣ ਹੈ? ਇਸ ਨੂੰ ਲੈ ਕੇ ਸਭ ਤੋਂ ਤਿੱਖੀਆਂ ਝੜਪਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਹੋ ਰਹੀਆਂ ਹਨ। ਦਿਲਚਸਪ ਹੈ ਕਿ ਅਕਾਲੀ ਸਰਕਾਰ ਵੇਲੇ ਮਜੀਠੀਆ ਉੱਪਰ ਗੈਂਗਸਟਰਾਂ ਨਾਲ ਗੰਢਤੁੱਪ ਦੇ ਇਲਜ਼ਾਮ ਲੱਗਦੇ ਸੀ ਤੇ ਹੁਣ ਕਾਂਗਰਸ ਸਰਕਾਰ ਆਉਣ 'ਤੇ ਮਜੀਠੀਆ ਇਹੀ ਇਲਜ਼ਾਮ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਲਾ ਰਹੇ ਹਨ।
- - - - - - - - - Advertisement - - - - - - - - -