ਅੰਮ੍ਰਿਤਸਰ: ਰਾਜਾਸਾਂਸੀ ਦੇ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਵਿੱਚ ਇੱਕ ਹੋਰ ਸ਼ਖਸ ਪਰਮਜੀਤ ਸਿੰਘ ਬਾਬਾ ਦਾ ਨਾਂ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਪਰਮਜੀਤ ਬਾਬਾ ਹਮਲੇ ਦੇ ਮੁੱਖ ਮੁਲਜ਼ਮ ਅਵਤਾਰ ਸਿੰਘ ਦਾ ਰਿਸ਼ਤੇਦਾਰ ਹੈ। ਉਸ ਨੇ ਹੀ ਬੰਬ ਧਮਾਕੇ ਸਬੰਧੀ ਹਥਿਆਰ ਵਗ਼ੈਰਾ ਮੁਹੱਈਆ ਕਰਵਾਏ ਸੀ।

ਪਰਮਜੀਤ ਸਿੰਘ ਬਾਬਾ ਪੁਲਿਸ ਥਾਣਾ ਬਿਆਸ ਦੇ ਪਿੰਡ ਵਡਾਲਾ ਕਲਾਂ ਦਾ ਵਸਨੀਕ ਹੈ। ਉਹ ਅੱਜ ਕੱਲ੍ਹ ਇਟਲੀ ਵਿਚ ਰਹਿ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਪਿੰਡ ਵਿਚਲਾ ਆਪਣਾ ਘਰ ਵੀ ਵੇਚ ਦਿੱਤਾ ਹੈ ਤੇ ਬਿਆਸ ਵਿਖੇ ਘਰ ਖ਼ਰੀਦਿਆ ਹੋਇਆ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਰਮਜੀਤ ਬਾਬਾ ਦੇ ਪਾਕਿਸਤਾਨ ਵਿੱਚ ਬੈਠੇ ਕੇਐਲਐਫ ਆਗੂ ਨਾਲ ਸਬੰਧ ਹਨ। ਜਾਣਕਾਰੀ ਮੁਤਾਬਕ ਪੁਲਿਸ ਵੱਲ਼ੋਂ ਪਰਮਜੀਤ ਸਿੰਘ ਦੇ ਭਰਾ ਨੂੰ ਦੋ ਦਿਨ ਪਹਿਲਾਂ ਵਡਾਲਾ ਕਲਾਂ ਪਿੰਡ ਤੋਂ ਚੁੱਕਿਆ ਸੀ, ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਪੁਲਿਸ ਨੇ ਕਸਬਾ ਬਿਆਸ ਵਿੱਚ ਪਰਮਜੀਤ ਬਾਬਾ ਦੇ ਘਰ ਛਾਪਾ ਮਾਰ ਕੇ ਕੁਝ ਇਤਰਾਜ਼ਯੋਗ ਚੀਜ਼ਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।