ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਹੋਏਗਾ? ਇਸ ਸਵਾਲ ਦਾ ਜਵਾਬ ਤਾਂ 27 ਨਵੰਬਰ ਨੂੰ ਮਿਲੇਗਾ ਪਰ ਇਸ ਵੇਲੇ ਕਿਆਸਰਾਈਆਂ ਦੇ ਬਾਜ਼ਾਰ ਗਰਮ ਹਨ। ਇਹ ਜੱਗ ਜਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਹੀ ਹੋਣੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਸੁਖਬੀਰ ਬਾਦਲ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿੱਚੋਂ ਹੀ ਨਿਕਲੇਗਾ।


ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਡੇ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸਿੱਖ ਪੰਥ ਅੰਦਰੋਂ ਹੀ ਉਨ੍ਹਾਂ ਲਈ ਵੱਡੀਆਂ ਵੰਗਾਰਾਂ ਖੜ੍ਹੀਆਂ ਹਨ। ਅਜਿਹੇ ਵਿੱਚ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਤੋਂ ਹੀ ਉਮੀਦਾਂ ਹਨ ਜਿਸ ਰਾਹੀਂ ਪੰਥਕ ਹਲਕਿਆਂ ਵਿੱਚ ਮੁੜ ਪਕੜ ਬਣਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਅਜਿਹੇ ਸ਼ਖਸ ਨੂੰ ਹੀ ਅੱਗੇ ਲਿਆਉਣਗੇ ਜਿਹੜਾ ਕੇਸ ਵਿਵਾਦ ਤੋਂ ਦੂਰ ਹੋਏ ਤੇ ਔਖੇ ਵੇਲੇ ਅਕਾਲੀ ਦਲ ਲਈ ਸਹਾਰਾ ਬਣੇ।

ਅਕਾਲੀ ਸੂਤਰਾਂ ਦਾ ਹੀ ਕਹਿਣਾ ਹੈ ਕਿ ਇਸ ਵਾਰ ਵੀ ਸ਼੍ਰੋਮਣੀ ਗੋਬਿੰਦ ਸਿੰਘ ਲੌਂਗੋਵਾਲ ਮੁੜ ਪ੍ਰਧਾਨ ਦੇ ਅਹੁਦੇ ਲਈ ਵੱਡੇ ਦਾਅਵੇਦਾਰ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਵਾਂ ਦੀ ਵੀ ਚਰਚਾ ਹੈ। ਪਤਾ ਲੱਗਾ ਹੈ ਕਿ ਸੰਤ ਬਲਬੀਰ ਸਿੰਘ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹੁਣ ਅਸਲੀ ਫੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੀ ਕਰਨਾ ਹੈ।

ਯਾਦ ਰਹੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। ਇਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤ ਮੁਤਾਬਕ ਜਨਰਲ ਇਜਲਾਸ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਵੱਲੋਂ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਇ ਲਈ ਜਾਂਦੀ ਹੈ। ਇਸ ਮਗਰੋਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ, ਜਿਸ ਨੂੰ ਮੁੜ ਜਨਰਲ ਇਜਲਾਸ ਵਿੱਚ ਚੋਣ ਲਈ ਐਲਾਨਿਆ ਜਾਂਦਾ ਹੈ।