ਚੰਡੀਗੜ੍ਹ: ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਸਵਾਲ ਪੁੱਛਣ ਵਾਲੇ ਲੜਕੇ ਨੂੰ ਕੁੱਟ ਕੇ ਕਾਂਗਰਸ ਲਈ ਨਵੀਂ ਮੁਸੀਬਤ ਸਹੇੜ ਲਈ ਲਈ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਨ ਲਈ ਨਹੀਂ ਮੁਹਿੰਮ ਛੇੜ ਦਿੱਤੀ ਹੈ। ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਪਰ #TuKiKitta ਮਹਿੰਮ ਤਹਿਤ ਐਲਾਨ ਕੀਤਾ ਹੈ ਕਿ ਹੁਣ ਸਾਰਾ ਪੰਜਾਬ ਹਰ ਕਾਂਗਰਸੀ ਮੰਤਰੀ ਨੂੰ ਪੁੱਛੇਗਾ ਕਿ "ਤੂੰ ਕੀ ਕੀਤਾ?"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਪਾਈ ਹੈ। ਪੋਸਟ ਵਿੱਚ ਲਿਖਿਆ ਹੈ, ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਵੱਲੋਂ ਇੱਕ ਗ਼ਰੀਬ ਲੜਕੇ 'ਤੇ ਚੁੱਕਿਆ ਹੱਥ, ਕਾਂਗਰਸ ਦੀ ਆਪਣੀਆਂ ਨਾਕਾਮੀਆਂ ਤੇ ਲੋਕ ਰੋਹ ਤੋਂ ਉੱਠੀ ਬੌਖਲਾਹਟ ਹੈ। ਕਿੱਥੇ ਤੱਕ ਭੱਜੋਂਗੇ ਮੁੱਖ ਮੰਤਰੀ ਚੰਨੀ ਜੀ, ਇਹ ਸਵਾਲ ਹੁਣ ਸਾਰਾ ਪੰਜਾਬ ਹਰ ਕਾਂਗਰਸੀ ਮੰਤਰੀ ਨੂੰ ਪੁੱਛੇਗਾ ਕਿ "ਤੂੰ ਕੀ ਕੀਤਾ?"
#ShiromaniAkaliDal #Punjab #TuKiKitta



ਦੱਸ ਦਈਏ ਕਿ ਵਿਕਾਸ ਕੰਮਾਂ ਬਾਰੇ ਸਵਾਲ ਕਰਨ ਵਾਲੇ ਨੌਜਵਾਨ ਨੂੰ ਥੱਪੜ ਮਾਰ ਕੇ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਕਸੂਤੇ ਘਿਰ ਗਏ ਹਨ। ਸੋਸ਼ਲ ਮੀਡੀਆ ਉੱਪਰ ਵਿਧਾਇਕ ਵੀ ਵੀਡੀਓ ਵਾਇਰਲ ਹੋਣ ਮਗਰੋਂ ਜੰਮ ਕੇ ਅਲੋਚਨਾ ਹੋ ਰਹੀ ਹੈ। ਇਸੇ ਦੌਰਾਨ ਅੱਜ ਵਿਧਾਇਕ ਜੋਗਿੰਦਰਪਾਲ ਨੇ ਨੌਜਵਾਨ ਨੂੰ ਥੱਪੜ ਮਾਰਨ ਬਾਰੇ ਸਪਸ਼ਟੀਕਰਨ ਦਿੱਤਾ ਹੈ।

ਵਿਧਾਇਕ ਜੋਗਿੰਦਰ ਪਾਲ ਨੇ ਦਾਅਵਾ ਕੀਤਾ ਹੈ ਕਿ ਉਸ ਬੱਚੇ ਨੇ ਮੈਨੂੰ ਸਟੇਜ ‘ਤੇ ਆ ਕੇ ਗਾਲ ਕੱਢੀ ਸੀ। ਉਨ੍ਹਾਂ ਕਿਹਾ ਕਿ ਹੁਣ ਸਿਆਸੀ ਧਿਰਾਂ ਉਸ ਬੱਚੇ ਨੂੰ ਫੜ-ਫੜ ਕੇ ਲੈ ਘੁੰਮ ਰਹੀਆਂ ਹਨ। ਵਿਧਾਇਕ ਨੇ ਬਚਾਅ ਕਰਦੇ ਹੋਏ ਕਿਹਾ ਕਿ ਸਾਡੇ ਮਾਸਟਰ ਸਾਨੂੰ ਬਹੁਤ ਕੁੱਟਦੇ ਰਹੇ ਹਨ। ਹੁਣ ਮੈਨੂੰ ਮਿਲ ਕੇ ਬੱਚੇ ਨੇ ਮੇਰੇ ਤੋਂ ਮੁਆਫੀ ਮੰਗੀ ਹੈ। ਬੱਚੇ ਤੇ ਉਸ ਦੀ ਮਾਂ ਨੇ ਗਲਤੀ ਦੀ ਮੁਆਫੀ ਮੰਗੀ ਹੈ।

ਵਿਧਾਇਕ ਨੇ ਕਿਹਾ ਕਿ ਮੈਂ ਕੋਈ ਧਰਮਾਤਮਾ ਨਹੀਂ, ਕਈ ਵਾਰ ਬੰਦਾ ਭਾਵੁਕ ਹੋ ਜਾਂਦਾ ਹੈ। ਮੈਂ ਬੱਚੇ ਦੇ ਥੱਪੜ ਮਾਰਿਆ ਤਾਂ ਆਪਣਾ ਸਮਝ ਕੇ ਮਾਰਿਆ ਸੀ। ਬੱਚੇ ਨੇ ਖਾਦੀ-ਪੀਤੀ ‘ਚ ਅਜਿਹਾ ਕੀਤਾ ਸੀ। 14 ਸਾਲ ਦੇ ਬੱਚੇ ਨੇ ਸ਼ਰਾਬ ਪੀਤੀ ਸੀ। ਮੈਂ ਵੀ ਬੱਚੇ ਦੀ ਮਾਂ ਤੋਂ ਮੁਆਫੀ ਮੰਗੀ ਹੈ। ਹੁਣ ਸਿਆਸੀ ਧਿਰਾਂ ਸਿਰਫ ਰੋਟੀਆਂ ਸੇਕਣੀਆਂ ਚਾਹੁੰਦੀਆਂ ਹਨ।

ਵਿਧਾਇਕ ਨੇ ਕਿਹਾ ਕਿ ਬੱਚਾ ਤਾਂ ਚਾਹੁੰਦਾ ਨਹੀਂ ਕਿ ਮੇਰੇ ‘ਤੇ ਪਰਚਾ ਹੋਵੇ ਪਰ ਸਿਆਸੀ ਲੋਕ ਐਵੇਂ ਰੌਲਾ ਪਾ ਰਹੇ ਹਨ। ਮੈਂ ਤਾਂ ਬੱਚਿਆਂ ਨੂੰ ਸੁਧਾਰਣਾ ਚਾਹੁੰਦਾ ਹਾਂ। ਬੱਚਾ ਵੀ ਦਲਿਤ ਤੇ ਮੈਂ ਵੀ ਦਲਿਤ ਹੀ ਹਾਂ। ਜੇ ਮੁੰਡੇ ਦੇ ਥੱਪੜ ਮਾਰਿਆ ਤਾਂ ਮੁੰਡੇ ਨੇ ਮੁਆਫੀ ਮੰਗ ਲਈ। ਮੈਂ ਸਾਢੇ 4 ਸਾਲ ‘ਚ ਇੱਕ ਰੁਪਇਆ ਵੀ ਨਹੀਂ ਲਿਆ। ਮੈਂ ਕੋਈ ਤਨਖ਼ਾਹ ਵੀ ਨਹੀਂ ਲੈਂਦਾ।