ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਵਿਧਾਇਕਾਂ ਨੂੰ ਰਿਉੜੀਆਂ ਵਾਂਗ ਮੰਤਰੀਆਂ ਦੇ ਰੁਤਬੇ ਵੰਡ ਕੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਆਪਣੇ ਸਲਾਹਕਾਰ ਵਿਧਾਇਕਾਂ ਦੀ ਮੈਂਬਰੀ ਬਚਾਉਣ ਲਈ ਲਿਆਂਦੇ ਗਏ ਇਸ ਬਿਲ ਦਾ ਵਿਰੋਧ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁਲਾਜ਼ਮ ਨੂੰ ਡੀਏ ਤੇ ਹੋਰ ਭੱਤੇ ਦੇਣ, ਨੌਜਵਾਨਾਂ ਨੂੰ ਨੌਕਰੀ ਤੇ ਬੇਰੁਜ਼ਗਾਰੀ ਭੱਤਾ ਦੇਣ, ਈਟੀਟੀ-ਟੈਟ ਪਾਸ ਟੀਚਰਾਂ ਨੂੰ ਨੌਕਰੀ ਦੇਣ, ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ, ਦਲਿਤ ਤੇ ਘੱਟ ਗਿਣਤੀ ਬੱਚਿਆਂ ਨੂੰ ਵਜ਼ੀਫ਼ੇ ਦੇਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ ਗ਼ਰੀਬਾਂ ਨੂੰ ਪਲਾਟ ਦੇਣ ਲਈ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ, ਦਲਿਤ ਵਿਦਿਆਰਥੀਆਂ ਤੋਂ 8000 ਰੁਪਏ ਈਟੀਟੀ ਤੇ 10ਵੀਂ ਦੀ 1400 ਪ੍ਰੀਖਿਆ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਿਨਾ ਕੰਮ ਸਲਾਹਕਾਰ ਦੀ ਫ਼ੌਜ ਨਾਲ ਖ਼ਜ਼ਾਨਾ ਲੁੱਟਿਆ ਜਾ ਰਿਹਾ ਹੈ।