ਚੰਡੀਗੜ੍ਹ: ਕੇਂਦਰੀ ਸੁਰੱਖਿਆ ਏਜੰਸੀਆਂ ਨੇ ਬਦਨਾਮ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੈ। ਸੋਮਵਾਰ ਨੂੰ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਹਰਿਆਣਾ, ਯੂਪੀ ਵਿੱਚ 50 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।
ਕੇਂਦਰੀ ਜਾਂਚ ਏਜੰਸੀ ਨੇ ਛੇ ਪਿਸਤੌਲਾਂ, ਇੱਕ ਰਿਵਾਲਵਰ, ਇੱਕ ਬੰਦੂਕ, ਨਸ਼ੀਲੇ ਪਦਾਰਥਾਂ ਸਮੇਤ ਗੋਲਾ-ਬਾਰੂਦ, ਨਕਦੀ, ਡਿਜੀਟਲ ਉਪਕਰਣ, ਬੇਨਾਮੀ ਜਾਇਦਾਦ ਦੇ ਵੇਰਵੇ, ਧਮਕੀ ਪੱਤਰਾਂ ਸਮੇਤ ਅਪਰਾਧਿਕ ਦਸਤਾਵੇਜ਼ ਬਰਾਮਦ ਕੀਤੇ ਹਨ। ਐਨਆਈਏ ਦੀ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਸੀ।
ਐਨਆਈਏ ਨੇ ਕਿਹਾ ਕਿ 26 ਅਗਸਤ ਨੂੰ ਦਿੱਲੀ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਸਨ। ਐਨਆਈਏ ਵੱਲੋਂ ਇਹੀ ਕੇਸ ਮੁੜ ਦਰਜ ਕੀਤੇ ਗਏ ਹਨ। ਐਨਆਈਏ ਮੁਤਾਬਕ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਰਾਧੀਆਂ ਦੇ ਗਰੋਹ ਆਮ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਸਨ। ਇਹ ਗਰੋਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਫੰਡ ਵੀ ਇਕੱਠਾ ਕਰ ਰਹੇ ਸਨ। ਭਾਰਤ ਅਤੇ ਵਿਦੇਸ਼ਾਂ ਵਿੱਚ ਗੈਂਗ ਦੀ ਮਦਦ ਕਰਨ ਵਾਲੇ ਲੋਕਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਜਾ ਰਹੇ ਹਨ।
ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ
ਐਨਸੀਆਰ ਤੋਂ ਇਲਾਵਾ ਐਨਆਈਏ ਨੇ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਹਰਿਆਣਾ ਦੇ ਭਿਵਾਨੀ, ਪੰਜਾਬ ਦੇ ਯਮੁਨਾਨਗਰ, ਸੋਨੀਪਤ, ਝੱਜਰ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ, ਗੰਗਾਨਗਰ ਵਿੱਚ ਵੀ ਛਾਪੇ ਮਾਰੇ।
ਇਹ ਗੈਂਗਸਟਰ ਨਿਸ਼ਾਨੇ 'ਤੇ ਸਨ
ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਰਵੀ, ਸ਼ੁਭਮ, ਸੋਨੂੰ ਕੰਗਲਾ, ਗੌਰਵ ਪਟਿਆਲ, ਨੀਰਜ ਬਵਾਨਾ, ਅਮਿਤ ਡਾਗਰ, ਕਾਲਾ ਜਥੇਦਾਰੀ, ਬੰਬੀਆ ਅਤੇ ਕੌਸ਼ਲ ਚੌਧਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਟੀਮ ਨੇ ਸਾਰੇ ਗੈਂਗਸਟਰਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਦੇਸ਼-ਵਿਦੇਸ਼ 'ਚ ਫੈਲੇ ਗੈਂਗਸਟਰਾਂ ਦੇ ਗਰੋਹ ਅਤੇ ਉਨ੍ਹਾਂ ਦਾ ਸਿਸਟਮ ਏਜੰਸੀ ਦੇ ਨਿਸ਼ਾਨੇ 'ਤੇ ਹੈ।
ਗ੍ਰਹਿ ਮੰਤਰਾਲੇ ਨੇ ਦਿੱਤੀ ਹਰੀ ਝੰਡੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਗੈਂਗਸਟਰਾਂ ਖਿਲਾਫ ਮੁਹਿੰਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜੀਤ ਡੋਭਾਲ ਅਤੇ ਆਈਬੀ ਮੁਖੀ ਦੀ ਮੀਟਿੰਗ ਵਿੱਚ ਇਨ੍ਹਾਂ ਗੈਂਗਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਹਿਮਤੀ ਬਣੀ ਸੀ।