ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਨੇ ਮੂਸੇਵਾਲਾ ਦੀ ਰੇਕੀ ਕਰ ਰਹੇ ਗੈਂਗਸਟਰ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਫੜ ਲਿਆ ਹੈ। ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਮੂਸੇਵਾਲਾ ਦੀ ਰੇਕੀ ਕਰਨ ਦਾ ਵੀ ਦੋਸ਼ ਹੈ। ਬਿੱਟੂ ਲਾਰੈਂਸ ਨਾਲ ਜੇਲ੍ਹ ਵਿੱਚ ਰਿਹਾ ਹੈ। ਪੁਲਿਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।

ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲਾ ਦੀ ਕਾਰ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ 'ਚੋਂ ਇਕ ਪ੍ਰਿਆਵਰਤਾ ਦੇ ਸੰਪਰਕ 'ਚ ਸੀ। ਇਸ ਤੋਂ ਇਲਾਵਾ ਉਹ ਲਾਰੈਂਸ ਨਾਲ ਜੇਲ੍ਹ ਵਿੱਚ ਵੀ ਰਿਹਾ। ਦੋਵੇਂ ਭਰਾ ਸੰਦੀਪ ਅਤੇ ਬਿੱਟੂ ਕਾਫੀ ਸਮੇਂ ਤੋਂ ਰੇਕੀ ਕਰ ਰਹੇ ਸਨ। ਬਿੱਟੂ ਨੂੰ ਪੁਲਿਸ ਮਾਨਸਾ ਲੈ ਕੇ ਆਈ ਹੈ। ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹੋਰ ਕਿਸ ਦੇ ਸੰਪਰਕ ਵਿਚ ਸੀ।

ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਧੀ ਦਰਜਨ ਦੇ ਕਰੀਬ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸ਼ਨੀਵਾਰ ਨੂੰ ਪੁਲਿਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਸਮੇਤ ਫੜਿਆ ਸੀ। ਉਹ ਦੁਬਈ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ ਹੈ।

 

ਇਹ ਵੀ ਪੜ੍ਹੋ : ਹੁਣ ਅੰਮ੍ਰਿਤਸਰ ਦੇ ਸਪਰਿੰਗ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਕੀਤੀ ਜਾਂਚ ਸ਼ੁਰੂ

ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਲਾਰੈਂਸ ਗੈਂਗ ਦੇ ਕੈਨੇਡਾ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
 
ਦਿੱਲੀ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ,ਦੀਪਕ ਮੁੰਡੀ  ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਹੈ ,ਜਿਨ੍ਹਾਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ। ਦੋ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਇਸ ਦੇ ਇਲਾਵਾ ਇਸ ਮਾਮਲੇ 'ਚ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਅਤੇ ਉਸ ਦੇ ਸਾਥੀ ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ,ਜਿਨ੍ਹਾਂ ਨੂੰ ਪੁਲਿਸ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਦੋਵਾਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਫਰਜ਼ੀ ਪਾਸਪੋਰਟਾਂ ਰਾਹੀਂ ਭਾਰਤ ਤੋਂ ਬਾਹਰ ਭੇਜ ਦਿੱਤਾ ਸੀ।