ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ’ਚ ਇਨ੍ਹੀਂ ਦਿਨੀ ਖ਼ੂਬ ਘਮਸਾਨ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਕਾਂਗਰਸ ਦੇ ਹੀ ਵਿਧਾਇਕ ਨਵਜੋਤ ਸਿੰਘ ਸਿੱਧੂ (Navjot Singh SIdhu) ਵਿਚਾਲੇ ਜੰਗ ਮਗਰੋਂ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਅੱਜ ਵਿਧਾਇਕ ਪਰਗਟ ਸਿੰਘ (Pargat Singh) ਨੇ ਵੀ ਕੈਪਟਨ ਉੱਪਰ ਵੱਡੇ ਇਲਜ਼ਾਮ ਲਾਏ ਹਨ। ਕਈ ਹੋਰ ਵਿਧਾਇਕ ਵੀ ਕੈਪਟਨ ਖਿਲਾਫ ਬੋਲਣ ਲੱਗੇ ਹਨ। ਇਸ ਸਭ ਕਾਸੇ ਦੇ ਬਾਵਜੂਦ ਹਾਈਕਮਾਨ ਚੁੱਪ-ਚਾਪ ਸਾਰੀ ਖੇਡ ਵੇਖ ਰਹੀ ਹੈ। ਹੁਣ ਚਰਚਾ ਹੈ ਕਿ ਕੈਪਟਨ ਤੇ ਸਿੱਧੂ ਵਿਚਾਲੇ ਜੰਗ ’ਤੇ ਹਾਈਕਮਾਨ ਦੀ ਖਾਮੋਸ਼ੀ ਦਾ ਆਖਰ ਕੀ ਰਾਜ ਹੈ।
ਦੱਸ ਦਈਏ ਕਿ ਨਵਜੋਤ ਸਿੱਧੂ ਵੱਲੋਂ ਸੋਸ਼ਲ ਮੀਡੀਆ ਉੱਪਰ ਛੇੜੀ ਜੰਗ ਮਗਰੋਂ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਕੈਪਟਨ ਨੇ ਸਿੱਧੂ ਵਿਰੁੱਧ ਲਗਪਗ ਅੱਧੀ ਦਰਜਨ ਤੋਂ ਵੱਧ ਮੰਤਰੀ ਉਤਾਰਨ ਮਗਰੋਂ ਸਿੱਧੂ ਤੇ ਉਨ੍ਹਾਂ ਦੇ ਨੇੜਲਿਆਂ ਦੀਆਂ ਵਿਜੀਲੈਂਸ ਫ਼ਾਈਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਧਾਇਕ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਾਂਚ ਦੀ ਧਮਕੀ ਮਿਲੀ ਹੈ। ਪੰਜਾਬ ਕਾਂਗਰਸ ਦੇ ਕਲੇਸ਼ ਉੱਪਰ ਹਾਈਕਮਾਨ ਸਿਰਫ਼ ਮੂਕ ਦਰਸ਼ਕ ਦੀ ਭੂਮਿਕਾ ਨਿਭਾਅ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਸਾਰੇ ਮਾਮਲੇ ’ਤੇ ਚੁੱਪ ਹਨ।
ਹਾਈਕਮਾਨ ਦਾ ਖਾਮੋਸ਼ੀ ਵਿਚਾਲੇ ਹੀ ਨਵਜੋਤ ਸਿੱਧੂ ਕਦੇ ਕੋਟਕਪੂਰਾ ਦੀ ਵੀਡੀਓ ਤੇ ਕਦੇ ਆਪਣੇ ਪੁਰਾਣੇ ਭਾਸ਼ਣਾਂ ਦੀ ਕਲਿਪਿੰਗ ਟਵਿਟਰ ਉੱਤੇ ਪਾ ਕੇ ਅਸਿੱਧੇ ਤੌਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕਰ ਰਹੇ ਹਨ। ਹਾਈ ਕਮਾਂਡ ਨੇ ਤਾਂ ਇਸ ਮੁੱਦੇ ਉੱਤੇ ਕੋਈ ਪ੍ਰਤੀਕਰਮ ਪ੍ਰਗਟਾਇਆ ਹੀ ਨਹੀਂ, ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਕੋਈ ਗੱਲ ਨਹੀਂ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰ ਮੁੱਦਿਆਂ ’ਤੇ ਤਾਂ ਬੋਲ ਰਹੇ ਹਨ ਪਰ ਪਾਰਟੀ ਅੰਦਰ ਚੱਲ ਰਹੀ ਇਸ ਖਿੱਚੋਤਾਣ ਨੂੰ ਲੈ ਕੇ ਉਨ੍ਹਾਂ ਚੁੱਪ ਵੱਟੀ ਹੋਈ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਹਾਈਕਮਾਨ ਦੀ ਸ਼ਹਿ ਹੈ। ਇਹੋ ਕਾਰਨ ਹੈ ਕਿ ਕਾਂਗਰਸ ਦੇ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਨੇ ਸਿੱਧੂ ਵਿਰੁੱਧ ਕਾਰਵਾਈ ਕਰਨ ਤੇ ਉਨ੍ਹਾਂ ਦੇ ਬਿਆਨਾਂ ਨਾਲ ਕਾਂਗਰਸ ਨੂੰ ਨੁਕਸਾਨ ਪੁੱਜਣ ਦੀ ਗੱਲ ਕੀਤੀ ਪਰ ਉਹ ਹਮਲਾਵਰ ਕਦ ਨਹੀਂ ਹੋਏ।
ਬੀਤੇ ਦਿਨੀਂ ਜਿਹੜੀ ਕੈਬਨਿਟ ਮੀਟਿੰਗ ਵਿੱਚ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫ਼ਾ ਦਿੱਤਾ ਸੀ, ਉਸ ਵਿੱਚ ਵੀ ਇਹ ਮੁੱਦਾ ਉੱਠਿਆ ਸੀ। ਇਸ ਮੀਟਿੰਗ ਵਿੱਚ ਕਈ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਜਿਸ ਤਰ੍ਹਾਂ ਸਿੱਧੂ ਹਮਲੇ ਕਰ ਰਹੇ ਹਨ, ਉਸ ਤੋਂ ਤਾਂ ਇਹੋ ਜਾਪਦਾ ਹੈ ਕਿ ਪਾਰਟੀ ਹਾਈਕਮਾਨ ਉਸ ਦੇ ਪਿੱਛੇ ਹੈ। ਕੱਲ੍ਹ ਐਤਵਾਰ ਨੂੰ ਵੀ ਨਵਜੋਤ ਸਿੱਧੂ ਨੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਵਿੱਚ ਸ਼ਾਮਲ ਕੋਟਕਪੂਰਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਕਾਂਗਰਸ ਸਰਕਾਰ ਉੱਤੇ ਹਮਲਾ ਬੋਲਿਆ ਸੀ।
ਉੱਧਰ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਣ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਆ ਖਲੋਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵਿਜੀਲੈਂਸ ਨੂੰ ਵਿਰੋਧੀ ਧਿਰ ਦੇ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਲਈ ਕਰਦੀਆਂ ਰਹਿੰਦੀਆਂ ਹਨ। ਰੰਧਾਵਾ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਨਵਜੋਤ ਸਿੰਘ ਸਿੱਧੂ ਦੇ ਨੇੜਲਿਆਂ ਵਿਰੁੱਧ ਵਿਜੀਲੈਂਸ ਜਾਂਚ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: Apple ਭਲਕੇ ਕਰ ਸਕਦੀ AirPods 3 ਤੇ Apple Music Hi-fi Tier ਲਾਂਚ, ਜਾਣੋ ਵੇਰਵੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin