ਖਡੂਰ ਸਾਹਿਬ: ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੂੰ ਕਾਂਗਰਸ ਲੀਡਰ ਮਨਪ੍ਰੀਤ ਬਾਦਲ ਬਾਰੇ ਸੋਚ-ਸਮਝ ਕੇ ਬੋਲਣਾ ਪੈਂਦਾ ਹੈ ਕਿਉਂਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਭਰਾ ਹਨ। ਬਿਕਰਮ ਮਜੀਠੀਆ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਬਾਰੇ ਸੋਚ ਕੇ ਬੋਲਣਾ ਪੈਂਦਾ ਹੈ, ਕਿਉਂਕਿ ਉਹ ਸੁਖਬੀਰ ਜੀ ਦੇ ਭਰਾ ਹਨ। ਉਂਝ ਸੁਖਬੀਰ ਬਾਦਲ ਹਮੇਸ਼ਾਂ ਹੀ ਮਨਪ੍ਰੀਤ ਬਾਰੇ ਤਿੱਖਾ ਬੋਲਦੇ ਹਨ।
ਮਜੀਠੀਆ ਨੇ ਅੱਜ ਤਰਨ ਤਾਰਨ ਵਿੱਚ ਮੰਚ ਤੋਂ ਬੋਲਦਿਆਂ ਇਸ਼ਾਰਾ ਕੀਤਾ ਕਿ ਕੱਲ੍ਹ ਕੋਈ ਵੱਡੀ ਸ਼ਖ਼ਸੀਅਤ ਅਕਾਲੀ ਦਲ ਵਿੱਚ ਸ਼ਾਮਲ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਪੰਜਾਬ ਲਈ ਸਭ ਤੋਂ ਜ਼ਰੂਰੀ ਚੋਣਾਂ ਹਨ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਤਰਨ ਤਾਰਨ ਵਿੱਚ ਜਨਤਕ ਮੀਟਿੰਗ ਕਰ ਰਿਹਾ ਹੈ ਜਿੱਥੇ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ। ਸਰਪੰਚੀ 'ਚ ਲੋਕਾਂ ਦੇ ਫਾਰਮ ਰੱਦ ਹੋਏ ਹਨ। ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਪੀਐਫ ਤੇ ਡੀਏ ਵੀ ਨਹੀਂ ਮਿਲ ਰਹੇ। ਉੱਤੋਂ ਸਰਕਾਰ ਨੇ ਤਨਖਾਹਾਂ ਵੀ ਘਟਾ ਦਿੱਤੀਆਂ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸ ਬੇਅਦਬੀ ਤੇ ਗੋਲ਼ੀਕਾਂਡ ਲਈ ਬਣਾਈ SIT ਦੇ ਸਿਰ ’ਤੇ ਹੀ ਚੋਣਾਂ ਲੜਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਨਾਅਰਾ ਤਾਂ ਵਧੀਆ ਲਾਉਂਦੇ ਹਨ, ਪਰ ਕਰਦੇ ਕੁਝ ਨਹੀਂ। ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋ ਵੀ ਕਹਿ ਰਹੇ ਹਨ ਕਿ ਕਾਂਗਰਸ ਠੱਗੀ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਆਪ ਤੇ ਹੋਰ ਪਾਰਟੀਆਂ ਦਾ ਫੈਸਲਾ ਕਾਂਗਰਸ ਭਵਨ ਵਿੱਚ ਹੁੰਦਾ ਹੈ। ਲੋਕ ਸਾਡੇ ਕੋਲ ਆਪਣੇ ਦੁੱਖ ਲੈ ਕੇ ਆਉਂਦੇ ਹਨ ਪਰ ਅਸੀਂ ਤਾਂ ਆਪ ਦੁਖੀ ਹਾਂ।
ਉਨ੍ਹਾਂ ਕਿਹਾ ਕਿ ਆਪਣਾ ਵੱਕਾਰ ਬਚਾਉਣ ਲਈ ਕਾਂਗਰਸੀ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਕੋਲ ਮਿੰਨਤਾਂ ਕਰ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਦੀ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਲੜਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਨ੍ਹਾ ਕਰ ਦਿੱਤਾ ਹੈ।