ਚੰਡੀਗੜ੍ਹ: ਪੰਜਾਬ ਦੇ ਚੋਣ ਦ੍ਰਿਸ਼ ਵਿੱਚੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਰੜਕ ਰਹੀ ਹੈ। ਇਸ ਨਾਲ ਇੱਕ ਪਾਸੇ ਕਾਂਗਰਸ ਦੀ ਚੋਣ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ ਤੇ ਦੂਜੇ ਪਾਸੇ ਪਾਰਟੀ ਅੰਦਰਲੇ ਕਲੇਸ਼ ਦੀ ਵੀ ਚਰਚਾ ਸਿਖਰਾਂ 'ਤੇ ਹਨ। ਦਰਅਸਲ ਸਿੱਧੂ ਦਾ ਥੋੜ੍ਹੇ ਸਮੇਂ ਵਿੱਚ ਹੀ ਕਾਂਗਰਸ ਵਿੱਚ ਉਭਾਰ ਪੁਰਾਣੇ ਲੀਡਰਾਂ ਨੂੰ ਰਾਸ ਨਹੀਂ ਆ ਰਿਹਾ। ਉਧਰ, ਸਿੱਧੂ ਵੀ ਪੰਜਾਬ ਲੀਡਰਸ਼ਿਪ ਦੀ ਬਜਾਏ ਸਿੱਧਾ ਹਾਈਕਮਾਨ ਨਾਲ ਹੀ ਰਾਬਤਾ ਰੱਖਦੇ ਹਨ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਕੈਪਟਨ ਰਾਹੁਲ ਗਾਂਧੀ ਹਨ। ਇਸ ਕਰਕੇ ਪਾਰਟੀ ਅੰਦਰ ਕਲੇਸ਼ ਜਾਰੀ ਹੈ।


ਦਿਲਚਸਪ ਹੈ ਕਿ ਕਾਂਗਰਸ ਦੇ ਵੱਡੇ ਸਟਾਰ ਪ੍ਰਚਾਰਕ ਸਿੱਧੂ ਇੱਕ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਦਰਜਨਾਂ ਚੋਣ ਰੈਲੀਆਂ ਕਰ ਚੁੱਕੇ ਹਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਤਿੱਖੇ ਤੇ ਬੇਬਾਕ ਹਮਲਿਆਂ ਨੇ ਕੌਮੀ ਸਿਆਸਤ ਦਾ ਪਾਰਾ ਚਾੜ੍ਹਿਆ ਹੋਇਆ ਹੈ। ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਕਈ ਨੋਟਿਸ ਜਾਰੀ ਕੀਤੇ ਹਨ ਪਰ ਉਨ੍ਹਾਂ ਦੀ ਸੁਰ ਵਿੱਚ ਕੋਈ ਫਰਕ ਨਹੀਂ ਪਿਆ। ਦੂਜੇ ਪਾਸੇ ਪੰਜਾਬ ਵਿੱਚ ਕਾਂਗਰਸ ਦੇ ਵੱਕਾਰ ਦਾ ਸਵਾਲ ਹੈ। ਇਸ ਦੇ ਬਾਵਜੂਦ ਸਿੱਧੂ ਨੇ ਕੋਈ ਵੀ ਰੈਲੀ ਨਹੀਂ ਕੀਤੀ।

ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦਾ ਚੋਣ ਅਖਾੜਾ ਮਘਣ ਮਗਰੋਂ ਸਿੱਧੂ ਪੰਜਾਬ ਵਿੱਚ ਐਂਟਰੀ ਮਾਰਨਗੇ। ਹੁਣ ਚੋਣਾਂ ਵਿੱਚ ਹਫਤਾ ਰਹਿ ਗਿਆ ਹੈ ਪਰ ਸਿੱਧੂ ਗਾਇਬ ਹਨ। ਇਸ ਲਈ ਕਾਂਗਰਸ ਦਾ ਚੋਣ ਪ੍ਰਚਾਰ ਠੰਢਾ ਹੀ ਨਜ਼ਰ ਆ ਰਿਹਾ ਹੈ। ਦੂਜੇ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਮਾਮਲਿਆਂ ਵਿੱਚ ਘਿਰਿਆ ਹੋਣ ਦੇ ਬਾਵਜੂਦ ਕਾਂਗਰਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈ ਰਿਹਾ ਹੈ। ਕਾਂਗਰਸ ਦੇ ਘੱਟ ਹਮਲਾਵਰ ਰੁਖ ਕਰਕੇ ਅਕਾਲੀ ਦਲ ਕੈਪਟਨ ਸਰਕਾਰ ਦੇ ਦੋ ਸਾਲਾਂ ਦੀਆਂ ਨਾਕਾਮੀਆਂ ਨੂੰ ਉਭਾਰਨ ਵਿੱਚ ਸਫਲ ਹੁੰਦਾ ਨਜ਼ਰ ਆ ਰਿਹਾ ਹੈ।

ਯਾਦ ਰਹੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਬੀਜੇਪੀ ਦੇ ਚਾਰ ਵਾਰ ਦੇ ਸੰਸਦ ਮੈਂਬਰ ਨਵਜੋਤ ਸਿੱਧੂ ਬਾਦਲਾਂ ਪ੍ਰਤੀ ਪਾਰਟੀ ਦੇ ਨਰਮ ਰੁਖ਼ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਉਨ੍ਹਾਂ ਦੀ ਬਾਦਲਾਂ ਤੇ ਮਜੀਠੀਆ ਪਰਿਵਾਰ ਨਾਲ ਤਿੱਖੀ ਜੰਗ ਚੱਲ ਰਹੀ ਹੈ। ਦੂਜੇ ਪਾਸੇ ਸਿੱਧੂ ਹਮੇਸ਼ਾਂ ਹਾਈਕਮਾਨ ਤੇ ਖਾਸਕਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਰਾਬਤਾ ਰੱਖਦੇ ਹਨ। ਇਸ ਲਈ ਉਹ ਬੇਬਾਕ ਹੋ ਕੇ ਸਟੈਂਡ ਲੈਂਦੇ ਹਨ ਜਿਸ ਤੋਂ ਕਾਂਗਰਸ ਦਾ ਸਥਾਨਕ ਲੀਡਰ ਖਫਾ ਰਹਿੰਦੇ ਹਨ।

ਅਹਿਮ ਗੱਲ਼ ਹੈ ਕਿ ਇਹ ਚੋਣਾਂ ਬਾਦਲਾਂ ਖਿਲਾਫ ਲੜੀਆਂ ਜਾ ਰਹੀਆਂ ਹਨ। ਬਾਦਲਾਂ ਤੇ ਮਜੀਠੀਆ ਨੂੰ ਸਿੱਧੂ ਹੀ ਸਿੱਧੇ ਹੋ ਕੇ ਟੱਕਰ ਸਕਦੇ ਹਨ। ਇਸ ਲਈ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਸਿੱਧੂ ਨੂੰ ਚੋਣ ਮੁਹਿੰਮ ਦੀ ਕਮਾਨ ਸੌਂਪੀ ਜਾ ਸਕਦੀ ਹੈ। ਇਸ ਦੇ ਉਲਟ ਸਿੱਧੂ ਅਜੇ ਤੱਕ ਪੰਜਾਬ ਤੋਂ ਬਾਹਰ ਹਨ। ਇਸ ਕਰਕੇ ਕਾਂਗਰਸ ਪੂਰਾ ਜ਼ੋਰ ਲਾ ਕੇ ਵੀ ਅਕਾਲੀ ਦਲ ਖਿਲਾਫ ਹਵਾ ਨਹੀਂ ਬਣਾ ਸਕੀ। ਚਰਚਾ ਹੈ ਕਿ ਪਾਰਟੀ ਅਗਲੇ ਦਿਨਾਂ ਵਿੱਚ ਸਿੱਧੂ ਨੂੰ ਮੈਦਾਨ ਵਿੱਚ ਉਤਾਰੇਗੀ।