ਚੰਡੀਗੜ੍ਹ: ਪੰਥਕ ਲੀਡਰ ਲੋਕਾਂ ਦਾ ਸਾਥ ਨਾ ਮਿਲਣ ਤੋਂ ਹੈਰਾਨ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਪ੍ਰਤੀ ਰੋਸ ਹੋਣ ਦੇ ਬਾਵਜੂਦ ਸਿੱਖ ਵੋਟਰਾਂ ਨੇ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ। ਇਹ ਗੱਲ ਪੰਥਕ ਲੀਡਰਾਂ ਨੂੰ ਨਿਰਾਸ਼ ਦੇ ਨਾਲ-ਨਾਲ ਹੈਰਾਨ ਵੀ ਕਰ ਰਹੀ ਹੈ। ਇਸ ਬਾਰੇ ਲੀਡਰਾਂ ਦਾ ਦਰਦ ਸ਼ਨੀਵਾਰ ਨੂੰ ਬਰਗਾੜੀ ਵਿੱਚ ਕਰਵਾਏ ‘ਪਸ਼ਚਾਤਾਪ ਸਮਾਗਮ’ ਵਿੱਚ ਵੀ ਵਾਰ-ਵਾਰ ਸਾਹਮਣੇ ਆਇਆ।

ਦਰਅਸਲ ਬਰਗਾੜੀ ਮੋਰਚਾ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਪੰਥਕ ਧਿਰਾਂ ਦੇ ਉਮੀਦਵਾਰ ਤਕੜੀ ਟੱਕਰ ਦੇਣਗੇ ਪਰ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬਹੁਤੇ ਪੰਥਕ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਬਠਿੰਡਾ ਤੇ ਫਿਰੋਜ਼ਪੁਰ ਵਿੱਚ ਪੰਥਕ ਧਿਰਾਂ ਦੇ ਪੂਰੇ ਜ਼ੋਰ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੋਵੇਂ ਸੀਟਾਂ ਲੈ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਵੋਟ ਬੈਂਕ ਵੀ ਪਹਿਲਾਂ ਨਾਲੋਂ ਵਧਾ ਲਿਆ ਹੈ। ਪੰਥਕ ਲੀਡਰ ਹੈਰਾਨ ਹਨ ਕਿ ਬਰਗਾੜੀ ਮੋਰਚਾ ਵਿੱਚ ਇਤਿਹਾਸਕ ਇਕੱਠ ਹੋਇਆ ਸੀ। ਇਸ ਦੇ ਬਾਵਜੂਦ ਕਿਸੇ ਵੀ ਪੰਥਕ ਲੀਡਰ ਨੂੰ ਵੋਟਾਂ ਵਿੱਚ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਉਲਟਾ ਬਹੁਤੇ ਲੀਡਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੰਥਕ ਲੀਡਰਾਂ ਵਿੱਚ ਏਕੇ ਦੀ ਘਾਟ ਕਾਰਨ ਇੱਕ ਤਾਂ ਵੋਟ ਵੰਡੀ ਜਾਂਦੀ ਹੈ ਤੇ ਦੂਜਾ ਪੰਥਕ ਸੋਚ ਵਾਲੇ ਵੋਟਰ ਵੀ ਲੀਡਰਾਂ ਤੋਂ ਨਿਰਾਸ਼ ਹੋ ਜਾਂਦੇ ਹਨ। ਇਸ ਬਾਰੇ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਉਨ੍ਹਾਂ ਭਗਵੰਤ ਮਾਨ, ਸੁਖਪਾਲ ਖਹਿਰਾ, ਬੀਬੀ ਖਾਲੜਾ, ਸਿਮਰਨਜੀਤ ਮਾਨ, ਰਣਜੀਤ ਬ੍ਰਹਮਪੁਰਾ ਤੇ ਬਸਪਾ ਆਗੂ ਰਾਜੂ ਨਾਲ ਮੀਟਿੰਗਾਂ ਕਰਕੇ ਰਵਾਇਤੀ ਪਾਰਟੀਆਂ ਨੂੰ ਸਾਂਝੀ ਟੱਕਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਸਫ਼ਲਤਾ ਨਹੀਂ ਮਿਲੀ। ਇਹ ਹੀ ਕਾਰਨ ਹੈ ਕਿ ਪੰਥਕ ਵੋਟ ਖਿੰਡ ਜਾਂਦੀ ਹੈ ਤੇ ਵੱਖ-ਵੱਖ ਧਿਰਾਂ ਕੋਲ ਚਲੀ ਜਾਂਦੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੋਟਰਾਂ ’ਤੇ ਖੁੱਲ੍ਹ ਕੇ ਗੁੱਸਾ ਕੱਢਿਆ। ਉਨ੍ਹਾਂ ਨੇ ਕਿਹਾ ਕਿ ਸਭ ਕੁਝ ਜਾਣਦੇ ਹੋਏ ਵੀ ਲੋਕ ਸਹੀ ਪਾਸੇ ਨਹੀਂ ਚੱਲ ਰਹੇ। ਉਨ੍ਹਾਂ ਲੱਖੋਵਾਲ ਤੇ ਰਾਜੇਵਾਲ ਕਿਸਾਨ ਯੂਨੀਅਨਾਂ ’ਤੇ ਹਕੂਮਤਾਂ ਨਾਲ ਕਥਿਤ ਰਲ ਕੇ ਚੱਲਣ ਦਾ ਇਲਜ਼ਾਮ ਲਾਇਆ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਜਗੀਰ ਕੌਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਤਸਲੀਮ ਕੀਤਾ ਕਿ ਮੋਦੀ ਹਕੂਮਤ ਦੀ ਦੁਬਾਰਾ ਵਾਪਸੀ ਨਾਲ ਭਾਰਤ ਹਿੰਦੂ ਰਾਸ਼ਟਰ ਬਣ ਗਿਆ ਹੈ।