ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੇਰ ਕੈਪਟਨ ਸਰਕਾਰ ਨੂੰ ਘੇਰਿਆ। ਬਿਕਰਮ ਮਜੀਠੀਆ ਨੇ ਸਵਾਲ ਚੁੱਕੇ ਹਨ ਕਿ ਕੈਪਟਨ ਸਰਕਾਰ ਡੌਨ ਮੁਖ਼ਤਾਰ ਅਨਸਾਰੀ ਨੂੰ ਕਿਉਂ ਬਚਾਅ ਰਹੀ ਹੈ? ਉਨ੍ਹਾਂ ਕਿਹਾ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।



ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੇ ਪੈਸੇ ਨਹੀਂ ਹਨ, ਪਰ ਯੂਪੀ ਦੇ ਡੌਨ ਮੁਖ਼ਤਾਰ ਅਨਸਾਰੀ ਦੀ ਪੈਰਵੀ ਕਰਨ ਲਈ ਸੁਪਰੀਮ ਕੋਰਟ ਵਿੱਚ 50 ਲੱਖ ਦਾ ਵਕੀਲ ਖੜ੍ਹਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਵਾਲ ਚੁੱਕੇ ਕਿ ਆਖਰ ਸਰਕਾਰ ਅਨਸਾਰੀ ਨੂੰ ਕਿਉਂ ਬਚਾਅ ਰਹੀ ਹੈ। ਉਨ੍ਹਾਂ ਕਿਹਾ ਕਿ ਰੋਪੜ ਜੇਲ੍ਹ ਅਨਸਾਰੀ ਲਈ ਸੇਫ ਹੈਵਨ ਬਣੀ ਹੋਈ ਹੈ। ਪੰਜਾਬ ਪੁਲਿਸ ਆਖਰ ਕਿਉਂ ਚਾਰਜਸ਼ੀਟ ਦਾਖਲ ਨਹੀਂ ਕਰ ਰਹੀ?

ਦੱਸ ਦੇਈਏ ਕਿ ਅੱਜ ਬਜਟ ਇਜਲਾਸ ਦੇ ਤੀਜੇ ਦਿਨ ਵੀ ਵਿਧਾਨ ਸਭਾ ਵਿੱਚ ਹੰਗਾਮਾ ਜਾਰੀ ਰਿਹਾ ਤੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਵਾਕ ਆਉਟ ਕਰ ਦਿੱਤਾ। ਪੰਜਾਬ ਵਿਧਾਨ ਸਭ ਦਾ ਬਜਟ ਇਜਲਾਸ 10 ਮਾਰਚ ਤੱਕ ਜਾਰੀ ਰਹੇਗਾ ਤੇ 5 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਹੋਣਾ ਹੈ।