ਚੰਡੀਗੜ੍ਹ: ਭਾਰਤ ਵਿੱਚ ਇਸ ਵਾਰ ਸਿਆਲ 120 ਸਾਲਾਂ ਵਿੱਚ ਤੀਜਾ ਸਭ ਤੋਂ ਗਰਮ ਸਿਆਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ 1901 ਤੋਂ ਬਾਅਦ ਇਹ ਤੀਜਾ ਠੰਢ ਦਾ ਸੀਜ਼ਨ ਰਿਹਾ ਜੋ ਇੰਨਾ ਗਰਮ ਸੀ। ਪੁਣੇ ਦੇ ਮੌਸਮ ਵਿਭਾਗ ਮੁਤਾਬਕ ਇਸ ਵਾਰ ਦੀ ਠੰਢ ਘੱਟੋ-ਘੱਟ ਤਾਪਮਾਨ ਦੇ ਹਿਸਾਬ ਨਾਲ ਹੁਣ ਤੱਕ ਦੀ ਦੂਜੀ ਸਭ ਤੋਂ ਗਰਮ ਠੰਢ ਸੀ।

ਹੁਣ ਤੱਕ ਦੀ ਸਭ ਤੋਂ ਗਰਮ ਠੰਢ ਦੀ ਗਲ ਕੀਤੇ ਜਾਵੇ ਤਾਂ ਇਹ ਸਾਲ 2016 ਵਿੱਚ ਸੀ ਜਦੋਂ ਤਪਮਾਨ 21.8 ਡਿਗਰੀ ਰਿਹਾ ਸੀ। ਇਸ ਤੋਂ ਪਹਿਲਾਂ ਸਾਲ 2009 ਵਿੱਚ ਪਾਰਾ 21.58 ਡਿਗਰੀ ਰਿਹਾ ਸੀ। ਇਸ ਸਾਲ ਜਨਵਰੀ ਤੇ ਫਰਵਰੀ ਵਿੱਚ ਤਾਪਮਾਨ 21.3 ਡਿਗਰੀ ਰਿਹਾ ਜੋ 1981 ਤੋਂ 2010 ਦਰਮਿਆਨ ਔਸਤ ਨਾਲੋਂ 0.78 ਡਿਗਰੀ ਵਧੇਰੇ ਹੈ। ਵਿਸ਼ਲੇਸ਼ਣ ਮੁਤਾਬਕ ਪੂਰੇ ਭਾਰਤ ਵਿੱਚ ਇਸ ਵਾਰ ਸਿਆਲ ਪਹਿਲਾਂ ਨਾਲੋਂ ਗਰਮ ਰਿਹਾ।

ਜਾਣਕਾਰੀ ਮੁਤਾਬਕ ਇਸ ਵਾਰ ਇੰਡੋ-ਜੈਨੇਟਿਕ ਪਲੇਨਸ (IGP)ਖੇਤਰ ਯਾਨੀ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉਤਰ ਪ੍ਰਦੇਸ਼ ਵਿੱਚ ਮਾਰਚ ਤੋਂ ਮਈ ਮਹੀਨੇ ਤਕ ਦਿਨ ਤੇ ਰਾਤਾਂ ਗਰਮ ਹੀ ਰਹਿਣਗੇ। ਇਸ ਖੇਤਰ ਵਿੱਚ ਤਾਪਮਾਨ ਆਮ ਨਾਲੋਂ 0.56 ਤੋਂ 0.71 ਡਿਗਰੀ ਤਕ ਵਧ ਰਹਿਣ ਦੀ ਸੰਭਾਵਨਾ ਹੈ। ਜਦਕਿ ਘੱਟੋ-ਘੱਟ ਤਾਪਮਾਨ  0.12 ਡਿਗਰੀ ਤਕ ਰਹਿਣ ਦੀ ਉਮੀਦ ਹੈ।

ਉਧਰ, ਮਾਹਰਾਂ ਦਾ ਕਹਿਣਾ ਹੈ ਕਿ ਵਧਦੀ ਗਰਮੀ ਪੰਜਾਬ ਵਿੱਚ ਖੜ੍ਹੀ ਕਣਕ ਦੀ ਫਸਲ ਲਈ ਨੁਕਸਾਨ ਦਾਇਕ ਹੈ ਤੇ ਇਸ ਦੇ ਝਾੜ ਤੇ ਅਸਰ ਪਾ ਸਕਦੀ ਹੈ। ਬੀਤੀ ਹਫ਼ਤੇ ਪੰਜਾਬ ਵਿੱਚ ਤਾਪਮਾਨ 32 ਡਿਗਰੀ ਦੇ ਆਸ ਪਾਸ ਰਿਹਾ, ਪਰ ਹਲਕੀ ਬਾਰਸ਼ ਮਗਰੋਂ ਇਹ 27 ਡਿਗਰੀ ਦੇ ਨੇੜੇ ਆ ਗਿਆ ਹੈ। ਹਾਲਾਂਕਿ ਸਾਲ ਦੇ ਇਸ ਸਮੇਂ ਇੰਨਾ ਤਾਪਮਾਨ ਚਿੰਤਾ ਦਾ ਵਿਸ਼ਾ ਹੈ। ਖੇਤੀ ਮਾਹਰਾ ਮੁਤਾਬਕ ਜਦੋਂ ਕਣਕ ਦੀ ਫਸਲ ਤਿਆਰ ਹੋ ਰਹੀ ਹੈ, ਉਸ ਵੇਲੇ ਐਸੀ ਗਰਮੀ ਪੈਣਾ ਨੁਕਸਾਨਦਾਇਕ ਹੋ ਸਕਦੀ ਹੈ।

ਮਾਹਰਾਂ ਅਨੁਸਾਰ 23 ਡਿਗਰੀ ਦੇ ਮੀਨ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਵੀ ਨੁਕਸਾਨ ਦੇ ਸਕਦਾ ਹੈ ਫਸਲ ਨੂੰ ਸੁੱਟ ਸਕਦਾ ਹੈ। ਪਿਛਲੇ ਹਫ਼ਤੇ ਦੇ ਹਿਸਾਬ ਦੀ ਗਰਮੀ ਕਣਕ ਦੀ ਫਸਲ ਵਿੱਚ 3 ਫੀਸਦ ਤਕ ਦੀ ਗਿਰਾਵਟ ਲਿਆ ਸਕਦੀ ਹੈ।