ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਬਰਖਾਸਤ ਕਰਨ ਮਗਰੋਂ ਵਿਵਾਦ ਛਿੜ ਗਿਆ ਹੈ। ਬਡੂੰਗਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਮੌਜੂਦਾ ਪ੍ਰਬੰਧਕਾਂ ਉੱਪਰ ਸਵਾਲ ਉਠਾਏ ਹਨ। ਜੇਕਰ ਭਰਤੀ ਸਹੀ ਹੋਈ ਸੀ ਤਾਂ ਫਿਰ ਬੰਡੂਗਰ ਵੱਲੋਂ ਭਰਤੀ 523 ਮੁਲਾਜ਼ਮ ਲੌਂਗੋਵਾਲ ਨੇ ਕਿਉਂ ਕੱਢੇ ?
ਬਡੂੰਗਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈਆਂ ਨਿਯੁਕਤੀਆਂ ਤੇ ਤਰੱਕੀਆਂ ਬਿੱਲਕੁਲ ਜਾਇਜ਼ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਸਚਾਈ ਸਾਹਮਣੇ ਲਿਆਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਸਾਬਕਾ ਜੱਜਾਂ ਜਾਂ ਮੌਜੂਦਾ ਸਿੱਖ ਜੱਜ ਦੀ ਕਮੇਟੀ ਤੋਂ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਉਨ੍ਹਾਂ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਦੋਸ਼ੀ ਮਿਲਦੇ ਹਨ ਤਾਂ ਪੰਥ ਵੱਲੋਂ ਦਿੱਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਨੂੰ ਉਹ ਸਹਿਣ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਤੇ ਤਰੱਕੀਆਂ ਗਲਤ ਹਨ ਤਾਂ ਡਾ. ਰੂਪ ਸਿੰਘ ਨੂੰ ਵੀ ਉਨ੍ਹਾਂ ਹੀ ਮੁੱਖ ਸਕੱਤਰ ਬਣਾਇਆ ਸੀ ਤੇ ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀਆਂ ਵੀ ਨਿਯੁਕਤੀਆਂ ਕੀਤੀਆਂ ਸਨ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਅਜਿਹੇ ਸ਼ਖ਼ਸਾਂ ਨੂੰ ਕਿਉਂ ਨਹੀਂ ਛੇੜਿਆ ਗਿਆ?
ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੇ ਤਰੱਕੀਆਂ ਲਈ ਉਨ੍ਹਾਂ ਗੁਰਮਤਿ ਮਰਿਆਦਾ ਤੇ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਦੇ ਤੈਅ ਨਿਯਮਾਂ ਦੀ 100 ਫ਼ੀਸਦੀ ਪਾਲਣਾ ਕੀਤੀ ਹੈ| ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਉਨ੍ਹਾਂ ਦੇ ਨਿਰੋਲ ਗੁਰਸਿੱਖੀ ਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕਰਨ ਦੀ ਸਾਜ਼ਿਸ਼ ਰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਸਾਰੀਆਂ ਨਿਯੁਕਤੀਆਂ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਤੇ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵੱਲੋਂ ਕੀਤੇ ਫ਼ੈਸਲਿਆਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਹ ਪੰਥਕ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਗ਼ਰੀਬ ਘਰਾਂ ਦੇ ਅਤਿ-ਲੋੜਵੰਦ ਬੱਚੇ-ਬੱਚੀਆਂ ਦੀਆਂ ਹਨ।