AAP Office Punjab: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਆਪ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 92 ਵਿਧਾਇਕ ਮਿਲੇ ਸਨ। ਵੱਡੀ ਗੱਲ੍ਹ ਇਹ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਆਪ ਦਾ ਸੂਬੇ ਵਿੱਚ ਕੋਈ ਵੀ ਦਫ਼ਤਰ ਨਹੀਂ ਹੈ। 


ਇਸ ਸਬੰਧੀ ਹੁਣ ਆਮ ਆਦਮੀ ਪਾਰਟੀ (Aam Aadmi Party) ਦੇ ਲਈ ਖੁਸ਼ੀ ਵਾਲੀ ਗੱਲ੍ਹ ਹੈ ਕਿ ਹੁਣ ਆਪ ਨੂੰ ਜ਼ਿਲ੍ਹਾ ਪੱਧਰ 'ਤੇ ਸਿਆਸੀ ਦਫ਼ਤਰ ਬਣਾਉਣ ਲਈ ਸਸਤੇ ਭਾਅ 'ਤੇ ਸਰਕਾਰੀ ਜ਼ਮੀਨਾਂ ਦੇਣ 'ਤੇ ਕੰਮ ਸ਼ੁਰੂ ਹੋ ਗਿਆ ਹੈ।  ਇਸ ਬਾਰੇ ਹੁਣ ਫ਼ੈਸਲਾ ਮੁੱਖ ਮੰਤਰੀ ਨੇ ਕਰਨਾ ਹੈ।


'ਆਪ' ਨੂੰ ਹਾਲ ਹੀ ਵਿੱਚ ਨਵੀਂ ਦਿੱਲੀ 'ਚ ਪਾਰਟੀ ਦਫ਼ਤਰ ਬਣਾਉਣ ਵਾਸਤੇ ਨਵਾਂ ਬੰਗਲਾ ਅਲਾਟ ਹੋਇਆ ਹੈ। ਕੌਮੀ ਪਾਰਟੀ ਦੀ ਹੈਸੀਅਤ ਤਹਿਤ 'ਆਪ' ਹੁਣ ਪੰਜਾਬ 'ਚ ਆਪਣੇ ਪੱਕੇ ਦਫ਼ਤਰ ਉਸਾਰਨਾ ਚਾਹੁੰਦੀ ਹੈ।


ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਆਪ' ਨੂੰ ਹਰ ਜ਼ਿਲ੍ਹਾ ਹੈਡਕੁਆਰਟਰ 'ਤੇ ਦਫ਼ਤਰ ਖੋਲ੍ਹਣ ਲਈ ਘੱਟੋ ਘੱਟ ਇੱਕ ਹਜ਼ਾਰ ਵਰਗ ਗਜ਼ ਜਗ੍ਹਾ ਘੱਟ ਕੀਮਤ 'ਤੇ ਦੇਣ ਦੀ ਮੰਗ ਕੀਤੀ ਸੀ।


ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਗੱਠਜੋੜ ਸਰਕਾਰ ਦੇ ਕਾਰਜਕਾਲ ਵੇਲੇ ਰਿਆਇਤੀ ਦਰਾਂ 'ਤੇ ਜ਼ਮੀਨਾਂ ਸਿਆਸੀ ਦਫ਼ਤਰ ਖੋਲ੍ਹਣ ਵਾਸਤੇ ਦਿੱਤੀਆਂ ਗਈਆਂ ਸਨ, ਉਸੇ ਤਰ੍ਹਾਂ ਆਪ ਵੀ ਜ਼ਿਲ੍ਹਾ ਪੱਧਰ 'ਤੇ ਰਿਆਇਤੀ ਭਾਅ 'ਤੇ ਜ਼ਮੀਨਾਂ ਲੈਣ ਦੀ ਇੱਛੁਕ ਹੈ। ਜਲੰਧਰ ਟਰਸਟ ਨੇ ਭਾਜਪਾ ਨੂੰ 4 ਕਨਾਲ ਜਗ੍ਹਾ 2717 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦਿੱਤੀ ਸੀ। 


ਅਕਾਲੀ ਦਲ ਤੇ ਭਾਜਪਾ ਗੱਠਜੋੜ ਹਕੂਮਤ ਸਮੇਂ ਸਿਆਸੀ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਸਸਤੇ ਭਾਅ 'ਤੇ ਜ਼ਮੀਨਾਂ ਦੇਣ ਦੀ ਨੀਤੀ ਬਣੀ ਸੀ। ਜਿਸ ਤਹਿਤ ਵਿਧਾਨ ਸਭਾ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਪਾਰਟੀ ਦਫ਼ਤਰ ਬਣਾਉਣ ਖ਼ਾਤਰ ਜ਼ਮੀਨ ਦਿੱਤੀ ਜਾ ਸਕਦੀ ਹੈ।


 ਇਸੇ ਨੀਤੀ ਤਹਿਤ ਹੁਣ 'ਆਪ' ਨੂੰ ਦਫ਼ਤਰ ਵਾਸਤੇ ਜਗ੍ਹਾ ਦੇਣ ਦਾ ਰਾਹ ਖੁੱਲ੍ਹ ਗਿਆ ਹੈ। ਸਰਕਾਰੀ ਨੀਤੀ ਅਨੁਸਾਰ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਦਫ਼ਤਰ ਬਣਾਉਣ ਲਈ ਜ਼ਮੀਨ ਰਿਆਇਤੀ ਭਾਅ 'ਤੇ ਦਿੱਤੀ ਜਾ ਸਕਦੀ ਹੈ ਜਿਸ ਪਾਰਟੀ ਕੋਲ ਆਪਣਾ ਜ਼ਿਲ੍ਹਾ ਪੱਧਰ 'ਤੇ ਕੋਈ ਦਫ਼ਤਰ ਨਹੀਂ ਹੈ।