ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਵਿਰੋਧੀਆਂ ਦੇ ਮਹਾਂਗੱਠਜੋੜ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਧਰ, ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ ਗੱਠਜੋੜ ਵਿੱਚ ਸ਼ਾਮਲ ਕਰਨਾ ਰਾਸ ਨਹੀਂ ਆ ਰਿਹਾ। ਇਸ ਲਈ ਅਜੇ ਸਾਰੀਆਂ ਧਿਰਾਂ ਦੋਚਿੱਤੀ ਵਿੱਚ ਨਜ਼ਰ ਆ ਰਹੀਆਂ ਹਨ।

ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੇ ਝੰਡੇ ਹੇਠ ਬਣ ਰਹੇ ਮਹਾਂਗੱਠਜੋੜ ਦੇ ਮੁਢਲੇ ਮੈਂਬਰ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੀਡੀਏ ਦੇ ਝੰਡੇ ਥੱਲੇ ਕੀਤੇ ਜਾ ਰਹੇ ਗੱਠਜੋੜ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਕਿਸੇ ਵੀ ਹਾਲਤ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਠਜੋੜ ਵਿੱਚ ਮੁੱਖ ਤੌਰ ’ਤੇ ਪੰਜਾਬੀ ਏਕਤਾ ਪਾਰਟੀ (ਖਹਿਰਾ), ਲੋਕ ਇਨਸਾਫ਼ ਪਾਰਟੀ, ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਸ਼ਾਮਲ ਹੋਏ ਹਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਗੱਠਜੋੜ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਉਹ ਦੋਚਿੱਤੀ ਵਿੱਚ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਉਨ੍ਹਾਂ ਕੋਲ ਪਹੁੰਚ ਕਰ ਰਹੇ ਹਨ। ਇਸ ਤੋਂ ਇਲਾਵਾ ਬਸਪਾ ਵੀ ਆਮ ਆਦਮੀ ਪਾਰਟੀ ਨੂੰ ਗੱਠਜੋੜ ਵਿੱਚ ਸ਼ਾਮਲ ਕਰਨ ਦੀ ਇਛੁੱਕ ਹੈ। ਇਸ ਸਭ ਕਾਸੇ ਵਿੱਚ ਆਮ ਆਦਮੀ ਪਾਰਟੀ ਵੀ ਸਿਰਫ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਬਸਪਾ ਨਾਲ ਹੀ ਆੜੀ ਪਾਉਣੀ ਚਾਹੁੰਦੀ ਹੈ।

ਹੁਣ ਤੱਕ ਦੇ ਘਟਨਾਕ੍ਰਮ ਤੋਂ ਸਪਸ਼ਟ ਹੈ ਕਿ ਸਾਰੀਆਂ ਧਿਰਾਂ ਵਿਚਾਲੇ ਗੱਠਜੋੜ ਸੰਭਲ ਨਹੀਂ। ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਿਚਾਲੇ ਤਾਂ ਸਹਿਮਤੀ ਬਣੀ ਹੀ ਹੋਈ ਹੈ ਪਰ ਅਕਾਲੀ ਦਲ (ਟਕਸਾਲੀ) ਤੇ ਬਸਪਾ ਕਿਸ ਨੂੰ ਚੁਣਦੇ ਹਨ, ਇਹ ਵੇਖਣਾ ਹੋਏਗਾ।