ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਪੰਥਕ ਤੇ ਧਾਰਮਿਕ ਲੀਡਰਾਂ ਦੀ ਹਮਾਇਤ ਲੈਣ ਲਈ ਦੀ ਕਵਾਇਦ ਵਿੱਢੀ ਹੈ। ਟਕਸਾਲੀ ਲੀਡਰਾਂ ਦੀ ਇਸ ਮੁਹਿੰਮ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ। ਬੁੱਧਵਾਰ ਨੂੰ ਟਕਸਾਲੀ ਲੀਡਰਾਂ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਨ੍ਹਾਂ ਧਾਰਮਿਕ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਦੋਵੇਂ ਲੀਡਰਾਂ ਦਾ ਮਾਲਵਾ ਤੇ ਖਾਸਕਰ ਬਾਦਲਾਂ ਦੇ ਗੜ੍ਹ ਵਿੱਚ ਵੱਡਾ ਆਧਾਰ ਹੈ।
ਸੂਤਰਾਂ ਮੁਤਾਬਕ ਬਠਿੰਡਾ ਵਿੱਚ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਗੁਪਤ ਮੀਟਿੰਗ ਕੀਤੀ। ਇਸ ਵਿੱਚ ਧਾਰਮਿਕ ਤੇ ਸਿਆਸੀ ਰਣਨੀਤੀ ਬਾਰੇ ਚਰਚਾ ਹੋਈ। ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿੱਚ ਟਕਸਾਲੀ ਲੀਡਰ ਨੇ ਜਥੇਦਾਰ ਦਾਦੂਵਾਲ ਤੋਂ ਸਹਿਯੋਗ ਮੰਗਿਆ। ਪਤਾ ਲੱਗਾ ਹੈ ਕਿ ਦਾਦੂਵਾਲ ਨੇ ਸਮਰਥਨ ਦਿੰਦਿਆਂ ਕਿਹਾ ਕਿ ਜੋ ਵੀ ਪੰਜਾਬ ਤੇ ਪੰਥ ਦੇ ਭਲੇ ਲਈ ਲੜੇਗਾ, ਉਨ੍ਹਾਂ ਨਾਲ ਸਹਿਯੋਗ ਕੀਤਾ ਜਾਵੇਗਾ। ਦਾਦੂਵਾਲ ਦਾ ਮਾਲਵਾ ਵਿੱਚ ਚੋਖਾ ਆਧਾਰ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰਾਂ ਨੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਜਥੇਦਾਰ ਨੰਦਗੜ੍ਹ ਨੇ ਟਕਸਾਲੀ ਲੀਡਰਾਂ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਥ ਲਈ ਕੰਮ ਕਰਨ ਵਾਲਿਆਂ ਨਾਲ ਉਹ ਹਮੇਸ਼ਾਂ ਡਟ ਕੇ ਖੜ੍ਹੇ ਹਨ।
ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਧਾਰਮਿਕ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕੋਈ ਸਿਆਸੀ ਫਾਇਦਾ ਨਾ ਹੋਵੇ ਪਰ ਇਸ ਨਾਲ ਧਾਰਮਿਕ ਫਰੰਟ 'ਤੇ ਏਕਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਣੌਤੀ ਦੇ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਜੇਕਰ ਸਮੂਹ ਪੰਥਕ ਧੜਿਆਂ ਨੂੰ ਇੱਕਜੁੱਟ ਕਰ ਪਾਉਂਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲਾਂ ਨੂੰ ਪਛਾੜ ਸਕਦਾ ਹੈ। ਇਸ ਤੈਅ ਹੈ ਕਿ ਪੰਥਕ ਸਿਆਸਤ 'ਤੇ ਉਸ ਦਾ ਹੀ ਕਬਜ਼ਾ ਰਹਿੰਦਾ ਹੈ ਜਿਸ ਕੋਲ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਹੋਵੇ।