ਤਲਵੰਡੀ ਸਾਬੋ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸਾਰੇ ਟੀਵੀ ਤੇ ਰੇਡੀਓ ਚੈਨਲਾਂ ਨੂੰ ਅਧਿਕਾਰ ਦੇਣ ਦੇ ਆਦੇਸ਼ ਦਿੱਤੇ ਜਾਣ। ਇਸ ਦਾ ਉਦੇਸ਼ ਗੁਰਬਾਣੀ ਕੀਰਤਨ ਦੀ ਪਹੁੰਚ ਵੱਧ ਤੋਂ ਵੱਧ ਯਕੀਨੀ ਬਣਾਉਣਾ ਹੈ ਤਾਂ ਕਿ ਕੋਈ ਵੀ ਸ਼ਰਧਾਲੂ ਕੀਰਤਨ ਸਰਵਨ ਕਰਨ ਤੋਂ ਵਿਰਵਾ ਨਾ ਰਹੇ।


ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ਉੱਤੇ ਪੱਤਰ ਸੌਂਪਦੇ ਹੋਏ ਮੁੱਖ ਮੰਤਰੀ ਚੰਨੀ ਨੇ ਜਿਵੇਂ ਸਿੱਖ ਸੰਗਤ ਪਾਕਿਸਤਾਨ ਵਿੱਚ ਰਹਿ ਗਏ ਪਾਵਨ ਗੁਰਧਾਮਾਂ ਦੇ ‘‘ਖੁੱਲ੍ਹੇ ਦਰਸ਼ਨ ਦੀਦਾਰਾਂ’’ ਲਈ ਤਾਂਘ ਰਹੀ ਹੈ, ਉਸੇ ਤਰ੍ਹਾਂ ਹੀ ਸਿੱਖ ਸੰਗਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਸਮੇਂ ‘‘ਖੁੱਲ੍ਹੇ ਪ੍ਰਸਾਰਨ’’ ਦੀ ਵੀ ਹਮੇਸ਼ਾ ਤੀਬਰ ਇੱਛਾ ਰਹੀ ਹੈ।


ਇਸ ਦੌਰਾਨ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਲੋੜੀਂਦਾ ਢਾਂਚਾ ਬਣਾਉਣ ਜਾਂ ਆਉਣ ਵਾਲੇ ਹੋਰਨਾਂ ਖਰਚਿਆਂ ਲਈ ਲੋੜੀਂਦੀ ਰਾਸ਼ੀ ਪੰਜਾਬ ਸਰਕਾਰ ਸਹਿਣ ਨੂੰ ਤਿਆਰ ਹੈ। ਇਸ ਸਮੇਂ ਸਿਰਫ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦੇ ਕੇ ਸ੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ-ਘਰ ਪਹੁੰਚਣ ਦੇ ਰਾਹ ਵਿਚ ਰੋੜਾ ਬਣ ਰਹੀ ਹੈ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਵੇਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ ਇਕ ਸੀਮਤ ਪ੍ਰਸਾਰਨ ਘੇਰੇ ਵਾਲੇ ਤੇ ਇਕ ਪਰਿਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਨੂੰ ਕੁਝ ਰਕਮ ਬਦਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦਿੱਤੇ ਹੋਏ ਹਨ ਤੇ ਇਹ ਫੈਸਲਾ ਇਹ ਫੈਸਲਾ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ ਮੰਨਿਆ ਜਾ ਸਕਦਾ।


ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਬਹੁਮਤ ਹੈ ਤੇ ਉਸ ਨੇ 1996 ਅਤੇ 2004 ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿੱਚ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਸਥਾਪਤ ਕਰੇਗੀ।



ਇਹ ਵੀ ਪੜ੍ਹੋ: Farmers Protest: ਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਸਰਕਾਰ ਨੇ ਵੀ ਖਰਚੇ ਕਰੋੜਾਂ ਰੁਪਏ, ਫੰਡਾਂ ਬਾਰੇ ਹੋਇਆ ਖੁਲਾਸਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904