ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਰਾਨ ਸਰਕਾਰ ਆਪਣੀ ਯੂਨੀਵਰਸਟੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਿਤ ਕਰਨ ਜਾ ਰਹੀ ਹੈ। ਇਹ ਜਾਣਕਾਰੀ ਇਰਾਨ ਦੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਅੱਬੂ ਹਸਨ ਨੇ ਦਿੱਤੀ

ਅੱਬੂ ਹਸਨ ਆਪਣੇ ਕੁਝ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਤੇ ਕਈ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜਥੇਦਾਰ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਰਾਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਚੇਅਰ ਸਥਾਪਿਤ ਕੀਤੀ ਜਾ ਰਹੀ ਹੈ।

ਯਾਦ ਰਹੇ ਸ੍ਰੀ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ 11 ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ ਇੱਕ ਯੂਨੀਵਰਸਿਟੀ ਇਰਾਨ ਦੀ ਸੀ। ਜਦਕਿ ਸੱਤ ਪੰਜਾਬ ਦੀਆਂ ਤੇ 3 ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਹਨ। ਇਨ੍ਹਾਂ ਰਾਹੀਂ ਗੁਰੂ ਨਾਨਕ ਦੇਵ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਖੋਜ ਕੀਤੀ ਜਾਵੇਗੀ।

ਇਨ੍ਹਾਂ ਯੂਨੀਵਰਸਿਟੀਆਂ 'ਚ ਸਥਾਪਿਤ ਹੋਏਗੀ ਗੁਰੂ ਨਾਨਕ ਚੇਅਰ

ਸਰਕਾਰੀ ਸੂਤਰਾਂ ਮੁਤਾਬਕ ਗੁਰੂ ਨਾਨਕ ਚੇਅਰ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਆਈਕੇ ਗੁਜਰਾਲ ਪੀਟੀਯੂ (ਕਪੂਰਥਲਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ), ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ), ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ), ਅਕਾਲ ਯੂਨੀਵਰਸਿਟੀ (ਤਲਵੰਡੀ ਸਾਬੋ) ਤੋਂ ਇਲਾਵਾ ਆਈਟੀਐਮ ਯੂਨੀਵਰਸਿਟੀ (ਗਵਾਲੀਅਰ), ਆਰਡੀਕੇਐਫ ਯੂਨੀਵਰਸਿਟੀ (ਭੁਪਾਲ), ਜੇਆਈਐਸ ਯੂਨੀਵਰਸਿਟੀ (ਪੱਛਮੀ ਬੰਗਾਲ) ਤੇ ਯੂਨੀਵਰਸਿਟੀ ਆਫ਼ ਰਿਲੀਜਨ (ਇਰਾਨ) ਵਿੱਚ ਸਥਾਪਿਤ ਕੀਤੀ ਜਾਵੇਗੀ।