Punjab News: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਦਿੱਲੀ ਦੀ ਤਿਹਾੜ ਜੇਲ੍ਹ ਭੇਜਿਆ ਜਾਵੇਗਾ। ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਾਲ ਜੁੜੇ ਕਈ ਖੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖਤਰਾ ਹੈ। 


ਲਾਰੈਂਸ ਬਿਸ਼ਨੋਈ ਦੇ ਵਕੀਲ ਰਣਵੀਰ ਸਿੰਘ ਬੈਨੀਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਡੀਜੀਪੀ ਜੇਲ੍ਹਾਂ ਐਸਐਸਪੀ ਬਠਿੰਡਾ ਤੇ ਜ਼ਿਲ੍ਹਾ ਸੁਪਰਡੈਂਟ ਨੂੰ ਮੇਲ ਕੀਤੀ ਗਈ ਹੈ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲਾਰੈਂਸ ਨੂੰ ਮੁੜ ਤਿਹਾੜ ਜੇਲ੍ਹ ਭੇਜਿਆ ਜਾਵੇ। ਦੱਸ ਦਈਏ ਕਿ ਬਿਸ਼ਨੋਈ ਨੂੰ 12 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਸ਼ਨੀਵਾਰ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਉਸ ਨੂੰ ਬਠਿੰਡਾ ਕੇਂਦਰੀ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ। ਇਸ ਤੋਂ ਪਹਿਲਾਂ ਪੁਲਿਸ ਟੀਮ ਵੱਲੋਂ ਲਾਰੈਂਸ ਦੀ ਸਿਹਤ ਜਾਂਚ ਕਰਵਾਈ ਗਈ। 


ਸੁਣਵਾਈ ਮਗਰੋਂ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਥਾਣਾ ਕੈਂਟ ਲੈ ਕੇ ਆਈ ਤੇ ਇੱਥੋਂ ਬਾਅਦ ਵਿੱਚ ਉਸ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਲਾਰੈਂਸ ਦੇ ਵਕੀਲ ਰਣਵੀਰ ਸਿੰਘ ਬੈਨੀਪਾਲ ਨੇ ਦੱਸਿਆ ਥਾਣਾ ਥਰਮਲ ਦੀ ਐਫਆਈਆਰ 64 ਅਧੀਨ ਇੱਕ ਕੇਸ ਵਿੱਚ ਲਾਰੈਂਸ ਨੂੰ ਜਸਟਿਸ ਤਨਵੀ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। 


ਮਨੀ ਤੇ ਤੂਫ਼ਾਨ ਦੋ ਰੋਜ਼ਾ ਪੁਲਿਸ ਰਿਮਾਂਡ ’ਤੇ ਭੇਜੇ


ਉਧਰ, ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਲੋੜੀਂਦੇ ਦੋ ਗੈਂਗਸਟਰਾਂ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਤੇ ਮਨਦੀਪ ਸਿੰਘ ਉਰਫ਼ ਤੂਫਾਨ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਮਾਨਸਾ ਪੁਲਿਸ ਨੇ ਸ਼ਨੀਵਾਰ ਨੂੰ ਰਾਜਪੁਰਾ ਦੇ ਸੀਆਈਏ ਥਾਣਾ ਤੋਂ ਮਾਨਸਾ ਲਿਆ ਕੇ ਮੁਲਜ਼ਮਾਂ ਦਾ ਸਿਵਲ ਹਸਪਤਾਲ ’ਚੋਂ ਡਾਕਟਰੀ ਮੁਆਇਨਾ ਕਰਵਾਇਆ। ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। 


ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਦੋਹਾਂ ਦਾ 26 ਸਤੰਬਰ ਤੱਕ ਰਿਮਾਂਡ ਲਿਆ ਗਿਆ ਹੈ। ਇਸ ਦੌਰਾਨ ਇਨ੍ਹਾਂ ਤੋਂ ਕਤਲ ਕਰਨ ਦੇ ਯਤਨਾਂ ਸਬੰਧੀ ਕਈ ਕਿਸਮ ਦੀ ਪੁੱਛਗਿੱਛ ਕਰਨੀ ਅਜੇ ਬਾਕੀ ਰਹਿੰਦੀ ਹੈ। ਮਾਨਸਾ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਨਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਹੱਥ ਹੋ ਸਕਦਾ ਹੈ। ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਇਨ੍ਹਾਂ ਮੂਸੇਵਾਲਾ ਨੂੰ ਮਾਰਨ ਲਈ 29 ਮਈ ਤੋਂ ਪਹਿਲਾਂ ਕਈ ਕੋਸ਼ਿਸ਼ਾਂ ਕੀਤੀਆਂ ਸਨ।