ਇਸਲਾਮਾਬਾਦ: ਬੇਸ਼ੱਕ ਚੜ੍ਹਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲੇ ਮਿਲ ਕੇ ਬੇਸ਼ੱਕ ਵਿਵਾਦ ਖੱਟ ਲਿਆ ਹੈ, ਪਰ ਇਸ ਜੱਫੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰੂਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਆਸ ਵੀ ਬੱਝ ਗਈ ਹੈ। ਅਜਿਹਾ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪਾਕਿ ਫ਼ੌਜ ਮੁਖੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਨ।


ਇਸਲਾਮਾਬਾਦ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਸਿੱਧੂ ਨੇ ਦੱਸਿਆ ਕਿ ਉਹ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲੇ ਇਸ ਲਈ ਮਿਲੇ ਸਨ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਬਾਰੇ ਵਿਚਾਰ ਕੀਤੇ ਜਾਣ ਬਾਰੇ ਦੱਸਿਆ ਸੀ। ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਜਾਰੀ ਵਿਚਾਰਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਬਾਜਵਾ ਵੀ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਪਾਕਿਸਤਾਨ ਵਾਲੇ ਪਾਸੇ ਦੇ ਪੰਜਾਬ ਦੇ ਜ਼ਿਲ੍ਹੇ ਨਾਰੋਵਾਲ ਅਧੀਨ ਆਉਂਦਾ ਹੈ। ਇਸੇ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ ਸੀ। ਇਹ ਇਤਿਹਾਸਕ ਸਥਾਨ ਬੇਸ਼ੱਕ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ ਪਰ ਭਾਰਤ ਤੋਂ ਇਸ ਦੀ ਦੂਰੀ ਸਿਰਫ ਸਵਾ ਕੁ ਛੇ ਕਿਲੋਮੀਟਰ ਹੀ ਹੈ।

ਹਾਲਾਂਕਿ, ਰਾਵੀ ਦਰਿਆ ਹੋਣ ਕਰਕੇ ਤੇ ਗੁਆਂਢੀ ਮੁਲਕ ਨਾਲ ਸਬੰਧ ਸੁਖਾਵੇਂ ਨਾ ਹੋਣ ਕਰਕੇ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦਰਮਿਆਨ ਕੋਈ ਸਹੀ ਰਸਤਾ ਨਹੀਂ ਹੈ। ਸਿੱਖਾਂ ਦੀ ਚਿਰੋਕਣੀ ਮੰਗ ਹੈ ਕਿ ਇਹ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਸੰਗਤ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕੇ। ਫਿਲਹਾਲ ਡੇਰਾ ਬਾਬਾ ਨਾਨਕ ਵਿਖੇ ਬਣੀ ਫ਼ੌਜੀ ਚੌਕੀ ਤੋਂ ਦੂਰਬੀਨ ਰਾਹੀਂ ਹੀ ਦਰਸ਼ਨ ਕੀਤੇ ਜਾ ਸਕਦੇ ਹਨ। ਜੇਕਰ ਨਵਜੋਤ ਸਿੱਧੂ ਦੀ ਜੱਫੀ ਨਾਲ ਇਹ ਲਾਂਘਾ ਖੁੱਲ੍ਹਦਾ ਹੈ ਤਾਂ ਇਹ ਸਿੱਖਾਂ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੋਵੇਗੀ।