ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਜੇ ਲੋਕ ਸਭਾ ਚੋਣਾਂ ਬਾਰੇ ਆਪਣੇ ਪੱਤੇ ਖੋਲ੍ਹਣ ਲਈ ਤਿਆਰ ਨਹੀਂ। ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨ ਦੀਆਂ ਰਿਪੋਰਟਾਂ ਬਾਰੇ ਸੁਖਬੀਰ ਖਾਮੋਸ਼ ਹਨ। ਬੇਸ਼ੱਕ ਕਈ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ ਪਰ ਉਹ ਆਪਣੇ ਤੇ ਆਪਣੀ ਪਤਨੀ ਹਰਸਿਮਰਤ ਬਾਦਲ ਬਾਰੇ ਅਜੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ।

ਅੱਜ ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਭ ਅਫਵਾਹਾਂ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਿਰਫ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਕੋਰ ਕਮੇਟੀ ਹੀ ਬਾਕੀ ਦੇ ਉਮੀਦਵਾਰ ਤੈਅ ਕਰੇਗੀ। ਉਂਝ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਅੱਗੇ ਹੋ ਕੇ ਲੜਨਗੇ ਤੇ ਉਹ ਇਸ ਲਈ ਤਿਆਰ ਵੀ ਹਨ।

ਕਾਂਗਰਸ ਤੇ 'ਆਪ' ਦੇ ਗਠਜੋੜ ਦੀਆਂ ਕਨਸੋਆਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ, ਕਾਂਗਰਸ ਦੀ ਮਦਦ ਨਾਲ ਹੀ ਹੋਂਦ ਵਿੱਚ ਆਈ ਸੀ। 'ਆਪ' ਦੀ ਪਹਿਲੀ ਸਰਕਾਰ ਵੀ ਕਾਂਗਰਸ ਦੀ ਮਦਦ ਨਾਲ ਬਣੀ ਸੀ। ਸੁਖਬੀਰ ਨੇ ਕਿਹਾ ਕਿ ਕਾਂਗਰਸ ਤੇ ਬਾਕੀ ਪਾਰਟੀਆਂ ਰਲ ਕੇ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੀਆਂ ਹਨ। ਸਾਰੀਆਂ ਪਾਰਟੀਆਂ ਨੂੰ ਸਿਰਫ ਡਰ ਹੀ ਅਕਾਲੀ ਦਲ ਤੋਂ ਹੈ ਕਿਉਂਕਿ ਉਨ੍ਹਾਂ ਪਤਾ ਹੈ ਕਿ ਬਾਦਲ ਸਰਕਾਰ ਵੱਲੋਂ ਜੋ ਸਹੂਲਤਾਂ ਜਨਤਾ ਨੂੰ ਦਿੱਤੀਆਂ ਗਈਆਂ ਸੀ, ਉਹ ਹੁਣ ਬੰਦ ਹੋ ਗਈਆਂ ਹਨ ਤੇ ਜਨਤਾ ਦਾ ਝੁਕਾਅ ਹੁਣ ਅਕਾਲੀ ਦਲ ਵੱਲ ਹੈ।

ਟਕਸਾਲੀ ਅਕਾਲੀਆਂ 'ਤੇ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਜੇਕਰ ਉਹ ਮੈਦਾਨ ਵਿੱਚ ਆਏ ਹਨ ਤਾਂ ਬਹਾਨੇ ਲਾ ਕੇ ਭੱਜਣ ਨਾ ਜਾਣ। ਉਨ੍ਹਾਂ ਕਿਹਾ ਕਿ ਟਕਸਾਲੀਆਂ ਨੇ ਜਿੰਨੇ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ, ਸਾਰੇ ਹੀ 5-6 ਪਾਰਟੀਆਂ ਬਦਲ ਕੇ ਟਕਸਾਲੀਆਂ ਵਿੱਚ ਸ਼ਾਮਲ ਹੋਏ ਹਨ। ਉਹ ਕਿਸ ਤਰ੍ਹਾਂ ਟਕਸਾਲੀ ਹੋ ਸਕਦੇ ਹਨ। ਹਰਿਆਣੇ ਵਿੱਚ ਸਿੱਖ ਭਾਈਚਾਰੇ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਐਸਜੀਪੀਸੀ ਤੇ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਹਰਿਆਣਾ ਸਰਕਾਰ ਨੂੰ ਚਿੱਠੀ ਲਿਖ ਕੇ ਭੇਜੀ ਗਈ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰੇ।

ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਰੇ ਕਿਹਾ ਕਿ ਗੁਰਦਾਸਪੁਰ ਤੋਂ ਆਪਣੀ ਹਾਰ ਹੁੰਦੀ ਵੇਖ ਕੇ ਜਾਖੜ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ। ਉਨ੍ਹਾਂ ਨੂੰ ਪਤਾ ਹੈ ਕਿ ਜਾਖੜ ਦੀ ਹਾਰ ਪੱਕੀ ਹੈ। ਹੁਣ ਸੁਨੀਲ ਜਾਖੜ ਵਿੱਚ ਹਿੰਮਤ ਹੈ ਤਾਂ ਆਪਣੇ ਜੱਦੀ ਹਲਕੇ ਤੋਂ ਲੜ ਕੇ ਦਿਖਾਉਣ। ਜਦੋਂ ਸੁਖਬੀਰ ਨੂੰ ਪੁੱਛਿਆ ਕਿ ਜੇ ਜਾਖੜ ਆਪਣੇ ਜੱਦੀ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਦੇ ਹਨ ਤਾਂ ਕੀ ਉਹ ਉਨ੍ਹਾਂ ਖਿਲਾਫ ਚੋਣ ਲੜਨਗੇ ਤਾਂ ਸੁਖਬੀਰ ਨੇ ਕਿਹਾ ਕਿ ਪਹਿਲਾਂ ਸੁਨੀਲ ਜਾਖੜ ਮਨ ਬਣਾਉਣ ਫੇਰ ਉਹ ਦੱਸਣਗੇ।