Farmers Protest Day 3: ਕਿਸਾਨ ਅੰਦੋਲਨ ਤਿੰਨ ਦਿਨਾਂ ਅੰਦਰ ਹੀ ਵਿਸ਼ਾਲ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਚੁਫੇਰਿਓਂ ਮਿਲ ਰਹੀ ਹਮਾਇਤ ਮਗਰੋਂ ਕੇਂਦਰ ਸਰਕਾਰ ਵੀ ਬੈਕਫੁੱਟ ਉਪਰ ਆ ਗਈ ਹੈ। ਇਸ ਲਈ ਸਰਕਾਰ ਗੱਲ਼ਬਾਤ ਰਾਹੀਂ ਮਸਲਾ ਜਲਦੀ ਹੱਲ ਕਰਨ ਦੇ ਰੌਂਅ ਵਿੱਚ ਹੈ। ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਅੱਜ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਗੱਲਬਾਤ ਹੋਏਗੀ। 


ਇਸ ਸਭ ਦੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਧੜੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਅੱਜ ਚਾਰ ਘੰਟਿਆਂ ਲਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ੁੱਕਰਵਾਰ (16 ਫਰਵਰੀ) ਨੂੰ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸਮਿਤੀ ਸਮੇਤ 26 ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਵੀ ਸ਼ਾਮਲ ਹੋਣਗੀਆਂ। ਦਿਨ ਭਰ ਦੇ ਭਾਰਤ ਬੰਦ ਤੋਂ ਇਲਾਵਾ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਮੁੱਖ ਸੜਕਾਂ 'ਤੇ ਵਿਸ਼ਾਲ ਚੱਕਾ ਜਾਮ ਵੀ ਕਰਨਗੇ।


ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਤੇ ਅੱਜ 11 ਤੋਂ 2 ਵਜੇ ਦੁਪਹਿਰ ਤੱਕ ਤਿੰਨ ਘੰਟਿਆਂ ਲਈ ਸੂਬੇ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਟੌਲ ਮੁਕਤ ਕਰਨ ਦਾ ਸੱਦਾ ਦਿੱਤਾ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਜੇ ਭਾਜਪਾ ਸਰਕਾਰਾਂ ਨੇ ਜਬਰ ਨੂੰ ਫੌਰੀ ਬੰਦ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ 18 ਫਰਵਰੀ ਨੂੰ ਲੁਧਿਆਣਾ ਮੀਟਿੰਗ ਵਿੱਚ ਭਾਜਪਾ ਵਿਰੁੱਧ ਸਖ਼ਤ ਐਕਸ਼ਨ ਲੈਣ ਤੋਂ ਪਿੱਛੇ ਨਹੀਂ ਹਟੇਗਾ।



ਉਧਰ, ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਅੱਜ ਸਵੇਰੇ 11 ਵਜੇ ਹੰਗਾਮੀ ਮੀਟਿੰਗ ਸੱਦ ਲਈ ਹੈ। ਇਸ ਸਬੰਧੀ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਕੇਂਦਰੀ ਦਫ਼ਤਰ (ਪਿੰਡ ਚੜੂਨੀ) ਵਿਖੇ ਮੀਟਿੰਗ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਗੁਰਨਾਮ ਚੜੂਨੀ ਕਰਨਗੇ। ਮੀਟਿੰਗ ਵਿੱਚ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ।



ਇਸ ਦੇ ਨਾਲ ਹੀ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਪੁਲਿਸ ਨੇ ਪੈਦਲ ਚੱਲਣ ਵਾਲਿਆਂ ਲਈ ਰਸਤਾ ਛੱਡਿਆ ਸੀ ਪਰ ਹੁਣ ਉਹ ਰਸਤਾ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸਿੰਘੂ ਬਾਰਡਰ 'ਤੇ ਜਿਹੜੇ ਵੱਡੇ-ਵੱਡੇ ਸਾਈਨ ਬੋਰਡ ਲੱਗੇ ਹੋਏ ਸਨ, ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਵੀ ਗੈਸ ਕਟਰ ਨਾਲ ਕੱਟ ਕੇ ਹਟਾ ਦਿੱਤਾ ਹੈ।


ਸੂਤਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਜੇਕਰ ਕਿਸਾਨ ਸਿੰਧੂ ਸਰਹੱਦ 'ਤੇ ਆਉਂਦੇ ਹਨ ਤੇ ਦਿੱਲੀ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਵੇ ਤਾਂ ਅੱਥਰੂ ਗੈਸ ਦੇ ਗੋਲੇ ਉਨ੍ਹਾਂ ਬੋਰਡਾਂ 'ਤੇ ਵੱਜ ਕੇ ਦਿੱਲੀ ਪੁਲਿਸ 'ਤੇ ਹੀ ਨਾ ਡਿੱਗਣ। ਸਿੰਘੂ ਸਰਹੱਦ 'ਤੇ ਦਿੱਲੀ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲ ਦੇ ਜਵਾਨਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।


ਇਸ ਸਭ ਦੇ ਵਿਚਕਾਰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਵੀ ਅੱਜ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਜਲਦੀ ਘਰੋਂ ਨਿਕਲਣ ਤਾਂ ਜੋ ਉਹ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚ ਸਕਣ।