Vegetable Price Hike: ਕਿਸਾਨਾਂ ਦਾ ਅੰਦੋਲਨ ਹਾਲੇ ਦਿੱਲੀ ਪਹੁੰਚਿਆ ਹੀ ਨਹੀਂ ਕਿ ਇਸ ਦਾ ਅਸਰ ਹੁਣ ਆਮ ਜਨਤਾਂ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਰੇਲ ਸਫ਼ਰ ਅਤੇ ਹਵਾਈ ਸਫ਼ਰ ਮਹਿੰਗਾ ਹੋਇਆ ਤਾਂ ਹੁਣ  ਅੰਦੋਲਨ ਦਾ ਅਸਰ ਹੁਣ ਹੌਲੀ-ਹੌਲੀ ਰੋਜ਼ਾਨਾ ਜ਼ਰੂਰੀ ਵਸਤਾਂ ਦੀ ਸਪਲਾਈ 'ਤੇ ਵੀ ਪੈਣ ਲੱਗਾ ਹੈ।



ਚੰਡੀਗੜ੍ਹ ਵਿੱਚ ਸਬਜ਼ੀਆਂ ਦੇ ਭਾਅ ਹੌਲੀ ਹੌਲੀ ਵੱਧਣੇ ਸ਼ੁਰੂ ਹੋ ਗਏ ਹਨ। ਕਿਉਂਕਿ ਹਰਿਆਣਾ ਦੀਆਂ ਸਰਹੱਦਾਂ ਬੰਦ ਹੋਣ ਅਤੇ ਬਰਵਾਲਾ ਮਾਰਗ ’ਤੇ ਜਾਮ ਲੱਗਣ ਕਾਰਨ ਖਾਣ-ਪੀਣ ਦੀਆਂ ਵਸਤਾਂ ਖਾਸ ਕਰਕੇ ਫਲਾਂ ਤੇ ਸਬਜ਼ੀਆਂ ਦੀ ਸਪਲਾਈ ਨਾਂਹ ਦੇ ਬਰਾਬਰ ਹੋ ਗਈ ਹੈ।


ਇਸ ਕਾਰਨ ਹੁਣ ਇਨ੍ਹਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਤਿੰਨ ਦਿਨਾਂ ਵਿੱਚ ਇਹ ਵਾਧਾ ਕਰੀਬ ਡੇਢ ਗੁਣਾ ਹੋ ਗਿਆ ਹੈ। ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਰੋਜ਼ਾਨਾ ਕਰੀਬ 80 ਟਰੱਕ ਸਬਜ਼ੀਆਂ ਪੁੱਜਦੀਆਂ ਸਨ। ਪਰ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹਾਂ ਦੀ ਗਿਣਤੀ 15 ਤੋਂ 20 ਰਹਿ ਗਈ ਹੈ।


ਚੰਡੀਗੜ੍ਹ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ ਹੈ। ਤਿੰਨ ਦਿਨ ਪਹਿਲਾਂ 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 40 ਰੁਪਏ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਨਿੰਬੂ 80 ਰੁਪਏ ਕਿਲੋ, ਨਿੰਬੂ 190 ਰੁਪਏ, ਸ਼ਿਮਲਾ ਮਿਰਚ 70 ਰੁਪਏ ਕਿਲੋ, ਸ਼ਿਮਲਾ ਮਿਰਚ 120 ਰੁਪਏ, ਹਰੀ ਮਿਰਚ 50 ਰੁਪਏ ਕਿਲੋ, ਬੈਂਗਣ 35 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। 


ਇਸ ਤਰ੍ਹਾਂ 70 ਰੁਪਏ ਕਿਲੋ ਵਿਕਣ ਵਾਲੀ ਭਿੰਡੀ ਹੁਣ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਅਦਰਕ 110 ਰੁਪਏ ਕਿਲੋ ਵਿਕ ਰਿਹਾ ਹੈ। ਜਦੋਂ ਕਿ ਆਲੂ ਦੀ ਕੀਮਤ 8 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 15 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ 'ਤੇ ਪੈ ਰਿਹਾ ਹੈ।


ਫਿਲਹਾਲ ਕਿਸਾਨਾਂ ਨਾਲ ਕੇਂਦਰ ਸਰਕਾਰ ਗੱਲਬਾਤ ਦਾ ਦੌਰ ਜਾਰੀ ਰੱਖ ਰਹੀ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਹੋਵੇਗੀ। ਇਸ ਬੈਠਕ 'ਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਮੌਜੂਦ ਰਹਿਣਗੇ। ਦੋਵਾਂ ਧਿਰਾਂ ਵਿਚਾਲੇ ਇਹ ਤੀਜਾ ਦੌਰ ਹੋਵੇਗਾ। ਪਿਛਲੀਆਂ ਦੋ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।


ਬੀਤੇ ਦਿਨ ਵੀ ਵੀਡੀਓ ਕਾਨਫੰਰਸਿੰਗ ਜ਼ਰੀਏ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਦੇ ਨਾਲ ਨਾਲ ਏਡੀਜੀਪੀ ਜਸਕਰਨ ਸਿੰਘ ਤੇ ਨਰੇਂਦਰ ਭਾਰਗਵ ਮੌਜੂਦ ਸਨ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।