ਅੰਮ੍ਰਿਤਸਰ - ਆਪਣੀਆਂ ਨਸਲਾਂ ਅਤੇ ਫ਼ਸਲਾਂ ਨੂੰ ਸੁਰੱਖਿਅਤ ਕਰਨ ਲਈ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਜਦੋ-ਜਹਿਦ ਅਤੇ ਤਿੰਨ ਸਾਲ ਪਹਿਲਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਰੋਸ ਵਜੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਬਲਾਂ ਦੇ ਕੀਤੇ ਗਏ ਦੁਰਉਪਯੋਗ ਦੀ ਸਖ਼ਤ ਅਲੋਚਨਾ ਕਰਦਿਆਂ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਕਿਹਾ ਕਿ ਜਿਸ ਵਹਿਸ਼ੀ ਤਰੀਕੇ ਨਾਲ ਭਾਰਤੀ ਸੁਰੱਖਿਆ ਫੋਰਸਾਂ ਵੱਲੋਂ ਕਿਸਾਨਾਂ ਨੂੰ ਪਿੱਛੇ ਧੱਕਣ ਲਈ ਅੱਥਰੂ ਗੈਸ ਤੇ ਗੋਲੇ, ਡਰੋਨ ਅਤੇ ਹੋਰ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਇਸ ਮੁਲਕ ਦੇ ਕਿਸਾਨਾਂ ਵਿਰੁੱਧ ਨਹੀ ਪਾਕਿਸਤਾਨ ਵਿਰੁੱਧ ਜੰਗ ਲੜ ਰਹੇ ਹੋਣ।



ਪਾਰਟੀ ਦੇ ਆਗੂ ਪਰਮਜੀਤ ਸਿੰਘ ਮੰਡ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਸਾਰਜ ਸਿੰਘ ਤੇ ਪਰਮਜੀਤ ਸਿੰਘ ਟਾਂਡਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਸੋਚਣ ਦੀ ਲੋੜ ਹੈ ਕਿ ਆਖਿਰ ਭਾਜਪਾ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ  ਵਾਲਾ ਅਜਿਹਾ ਵਿਵਹਾਰ ਕਿਉਂ ਕਰ ਰਹੀ ਹੈ?  ਉਹਨਾਂ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਦਾ ਇੱਕ ਕਾਰਨ ਜੋ ਮਹਿਸੂਸ ਹੁੰਦਾ ਹੈ ਉਹ ਹੈ ਕਿ ਇਹ ਕਿਸਾਨ ਪੰਜਾਬ ਨਾਲ ਸੰਬੰਧਿਤ ਹਨ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਨਾਲ। 


ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੇ ਬਣੇ ਹਾਲਾਤਾਂ ਲਈ ਪੂਰੀ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ ਕਿਉਂਕਿ ਤਕਰੀਬਨ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵਫ਼ਾ ਨਹੀਂ ਕੀਤਾ ਗਿਆ।



ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਫਰਾਂਸ, ਬੈਲਜੀਅਮ, ਸਪੇਨ ਤੋਂ ਇਲਾਵਾ ਯੂਰਪ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਪਰ ਕਿਸੇ ਵੀ ਥਾਂ ਤੇ ਸਰਕਾਰਾਂ ਨੇ ਕਿਸਾਨਾਂ ਵਿਰੁੱਧ ਅੰਨਾ ਬਲ ਪ੍ਰਯੋਗ ਨਹੀ ਕੀਤਾ। 



ਮੰਡ ਨੇ ਕਿਹਾ ਕਿ ਇਸ ਮੁਲਕ ਦੇ ਹੁਕਮਰਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਇਕ ਤਾਨਾਸ਼ਾਹ ਮੁਲਕ ਵਿੱਚ ਤਬਦੀਲ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਫੋਰਸਾਂ ਵੱਲੋਂ ਸੁੱਟੇ ਗਏ ਗੋਲਿਆਂ ਕਾਰਨ ਸੈਂਕੜੇ ਕਿਸਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਜੋ ਜੇਰੇ-ਇਲਾਜ ਹਨ।