ਬਠਿੰਡਾ: ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਆਰਕੈਸਟਰਾ ਗਰੁੱਪ ਦੇ ਤਿੰਨ ਮੈਂਬਰਾਂ ਵੱਲੋਂ ਡਾਂਸਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਮੁਲਜ਼ਮਾਂ ਵਿੱਚ ਪੂਜਾ ਨਾਂ ਦੀ ਮਹਿਲਾ ਵੀ ਸ਼ਾਮਲ ਸੀ। ਇਸ ਮਹਿਲਾ ਨੇ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੂਜਾ ਦੀ ਲਾਸ਼ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ।


ਯਾਦ ਰਹੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਸਾਈਂ ਨਗਰ ਵਿੱਚ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਤਿੰਨੇ ਮ੍ਰਿਤਕਾ ਸਪਨਾ ਨਾਲ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਹ ਸਾਰੇ ਆਰਕੈਸਟਰਾ ਦਾ ਕੰਮ ਕਰਦੇ ਹਨ ਤੇ ਸਪਨਾ ਨੂੰ ਵੀ ਕੰਮਾਂ ਉੱਤੇ ਭੇਜਦੇ ਸੀ। ਪਿਛਲੇ ਦਿਨੀਂ ਇਨ੍ਹਾਂ ਦੀ ਪੈਸਿਆਂ ਦੇ ਲੈਣ-ਦੇਣ ਪਿੱਛੇ ਲੜਾਈ ਹੋਈ ਜਿਸ ਦੇ ਚੱਲਦਿਆਂ ਸਪਨਾ ਦਾ ਕਤਲ ਕਰ ਦਿੱਤਾ ਗਿਆ।

ਐਸਐਸਪੀ ਨੇ ਦੱਸਿਆ ਕਿ ਸਪਨਾ ਦੇ ਸਾਥੀਆਂ ਨੇ ਉਸ ਨੂੰ ਸ਼ਰਾਬ ਪਿਆ ਕਾਪੇ ਨਾਲ ਉਸ ਦਾ ਗਲ ਵੱਢ ਦਿੱਤਾ। ਲਾਸ਼ ਖੁਰਦ-ਬੁਰਦ ਕਰਨ ਲਈ ਇਨ੍ਹਾਂ ਨੇ ਸਪਨਾ ਦਾ ਸਿਰ ਸੂਏ ਵਿੱਚ ਸੁੱਟ ਦਿੱਤਾ ਤੇ ਧੜ ਤੋਂ ਕੱਪੜੇ ਉਤਾਰ ਕੇ ਨਾਲੇ ਵਿੱਚ ਸੁੱਟ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਸਿਰ ਕਤਲ ਕੇਸ ਦਰਜ ਕੀਤਾ ਸੀ। ਮ੍ਰਿਤਕ ਸਪਨਾ ਦੇ ਪਿਤਾ ਰੇਸ਼ਮ ਮੁਤਾਬਕ ਉਨ੍ਹਾਂ ਦੀ ਧੀ ਨੂੰ ਕੁਝ ਸਮੇਂ ਪਹਿਲਾਂ ਪੂਜਾ ਨਾਂ ਦੀ ਮਹਿਲਾ ਘਰੋਂ ਲੈ ਗਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸੇ ਨੇ ਹੀ ਸਪਨਾ ਨੂੰ ਨਸ਼ੇ ਦਾ ਆਦੀ ਬਣਾਇਆ ਤੇ ਉਸ ਨੂੰ ਗ਼ਲਤ ਕੰਮਾਂ ਵਿੱਚ ਵੀ ਭੇਜਦੀ ਸੀ।