ਚੰਡੀਗੜ੍ਹ: ਕਾਂਗਰਸੀ ਮੰਤਰੀ ਭਰਤ ਭੂਸ਼ਣ ਆਸ਼ੂ ਵੱਲੋਂ ਮਹਿਲਾ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸ਼ਰੇਆਮ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵੀ ਪੰਜਾਬ ਦਾ ਮਹਿਲਾ ਕਮਿਸ਼ਨ ਚੁੱਪ ਹੈ। ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਘੁਲਾਟੀ ਨੇ 'ਏਬੀਪੀ ਸਾਂਝਾ' 'ਤੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਅਫ਼ਸਰ ਵੱਲੋਂ ਕੋਈ ਵੀ ਸ਼ਿਕਾਇਤ ਹੁਣ ਤੱਕ ਮੰਤਰੀ ਖ਼ਿਲਾਫ਼ ਨਹੀਂ ਪਹੁੰਚੀ।


ਹਾਲਾਂਕਿ ਮਹਿਲਾ ਕਮਿਸ਼ਨ ਪਹਿਲੀ ਵਾਰ ਨਹੀਂ ਸਗੋਂ ਹਰ ਵਾਰ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਮਹਿਲਾਵਾਂ ਨਾਲ ਕੀਤੀ ਬਦਸਲੂਕੀ 'ਤੇ ਸ਼ਿਕਾਇਤਾਂ ਦੀ ਉਡੀਕਦਾ ਰਹਿੰਦਾ ਹੈ। ਮਹਿਲਾ ਕਮਿਸ਼ਨ ਕੋਲ ਖੁਦ ਹੀ ਨੋਟਿਸ ਲੈਣ ਦਾ ਅਧਿਕਾਰ ਤਾਂ ਹੈ ਪਰ ਸਰਕਾਰ ਦੇ ਮੰਤਰੀਆਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਹੀ ਕੀਤਾ ਜਾਂਦਾ ਹੈ।

ਹੈਰਾਨੀ ਦੀ ਗੱਲ਼ ਹੈ ਕਿ ਭਾਰਤ ਭੂਸ਼ਣ ਵੱਲੋਂ ਕੀਤੀ ਬਦਤਮੀਜ਼ੀ ਦਾ ਵੀਡੀਓ ਤਾਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਜ਼ਰੂਰ ਦੇਖਿਆ ਪਰ ਮਹਿਲਾ ਕਮਿਸ਼ਨ ਨੂੰ ਉਸ ਵੀਡੀਓ ਵਿੱਚ ਕੀਤੀ ਬਦਸਲੂਕੀ ਨਜ਼ਰ ਨਹੀਂ ਆਈ। ਮਹਿਲਾ ਕਮਿਸ਼ਨ ਨੇ ਬਦਸਲੂਕੀ ਕਰਨ ਵਾਲੇ ਮੰਤਰੀ ਨਾਲ ਤਾਂ ਗੱਲਬਾਤ ਕੀਤੀ ਪਰ ਮਹਿਲਾ ਅਫ਼ਸਰ ਨਾਲ ਟੈਲੀਫੋਨ 'ਤੇ 'ਏਬੀਪੀ ਸਾਂਝਾ' ਤੋਂ ਨੰਬਰ ਲੈ ਕੇ ਪਹਿਲੀ ਵਾਰ ਗੱਲ ਕੀਤੀ।

ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੁੱਦਾ ਹੱਲ ਹੋ ਚੁੱਕਾ ਹੈ। ਇਸ ਕਰਕੇ ਕੋਈ ਵੀ ਕਾਰਵਾਈ ਨਹੀਂ ਬਣਦੀ ਪਰ ਮਹਿਲਾ ਕਮਿਸ਼ਨ ਨੂੰ ਮੁੱਦਾ ਹੀ ਨਜ਼ਰ ਨਹੀਂ ਆਇਆ ਕਿ ਕਿਸ ਤਰ੍ਹਾਂ ਇੱਕ ਮੰਤਰੀ ਵੱਲੋਂ ਮਹਿਲਾ ਅਫਸਰ ਦੀ ਸ਼ਰੇਆਮ ਬੇਇਜ਼ਤੀ ਕੀਤੀ ਗਈ।

ਕੀ ਹੈ ਮਾਮਲਾ?

ਦਰਅਸਲ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਬੱਚਿਆਂ ਤੇ ਅਧਿਆਪਕਾਂ ਸਾਹਮਣੇ ਮਹਿਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਬਦਤਮੀਜ਼ੀ ਕੀਤੀ ਸੀ। ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਚੱਲ ਰਿਹਾ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਪ੍ਰੋਗਰਾਮ ਵਿੱਚ ਦੇਰ ਨਾਲ ਪੁੱਜੇ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਸਿੱਖਿਆ ਅਫ਼ਸਰ ਦਾ ਲੇਟ ਆਉਣਾ ਰਾਸ ਨਾ ਆਇਆ। ਇਸੇ ਕਰਕੇ ਉਨ੍ਹਾਂ ਨੇ ਮਹਿਲਾ ਸਿੱਖਿਆ ਅਫ਼ਸਰ ਦੀ ਸਭ ਦੇ ਸਾਹਮਣੇ ਕਲਾਸ ਲਾ ਦਿੱਤੀ। ਇੱਥੋਂ ਤਕ ਕਿ ਉਨ੍ਹਾਂ ਨੂੰ ਸਭ ਦੇ ਸਾਹਮਣੇ ਬਾਹਰ ਦਾ ਰਾਹ ਵਿਖਾ ਦਿੱਤਾ। ਹਾਲਾਂਕਿ ਸਵਰਨ ਕੌਰ ਨੇ ਲੇਟ ਆਉਣ ਲਈ ਮੁਆਫ਼ੀ ਵੀ ਮੰਗ ਲਈ ਸੀ।

ਸੋਸ਼ਲ ਮੀਡੀਆ ’ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਇਸ ਹਰਕਤ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਕਈ ਲੀਡਰਾਂ ਤੇ ਆਮ ਲੋਕਾਂ ਨੇ ਮੰਤਰੀ ਦੇ ਇਸ ਵਿਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ।