ਚੰਡੀਗੜ੍ਹ: ਪੰਜਾਬੀ ਕਲਾਕਾਰ ਹਨੀ ਸਿੰਘ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਹਰ ਮਾਮਲੇ 'ਤੇ ਸ਼ਾਂਤ ਦਿੱਸਣ ਵਾਲੇ ਮਹਿਲਾ ਕਮਿਸ਼ਨ ਲਈ ਹੁਣ ਵਿਸ਼ੇਸ਼ ਤੌਰ 'ਤੇ ਪੜਤਾਲੀਆ ਵਿਭਾਗ ਤਿਆਰ ਕੀਤਾ ਜਾ ਰਿਹਾ ਹੈ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਐਸਪੀ ਤੇ ਡੀਐਸਪੀ ਰੈਂਕ ਦੇ ਅਫ਼ਸਰ ਉਨ੍ਹਾਂ ਦੇ ਇਨਵੈਸਟੀਗੇਸ਼ਨ ਵਿੰਗ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਕਿ ਹਾਈ ਪ੍ਰੋਫਾਇਲ ਤੇ ਸੰਵੇਦਨਸ਼ੀਲ ਮਾਮਲਿਆਂ ਦੀ ਤਫਤੀਸ਼ ਕਮਿਸ਼ਨ ਆਪਣੀ ਨਿਗਰਾਨੀ ਹੇਠ ਕਰ ਸਕੇ।

ਗੁਲਾਟੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨਵੈਸਟੀਗੇਸ਼ਨ ਵਿੰਗ ਬਣਾਉਣ ਦੀ ਹਰੀ ਝੰਡੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਡੀਏਵੀ ਸਕੂਲ ਵਿੱਚ ਚਾਰ ਸਾਲਾ ਬੱਚੀ ਦੇ ਰੇਪ ਦੀ ਘਟਨਾ ਮਗਰੋਂ ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਤਲਬ ਕੀਤਾ ਹੈ। ਐਸਐਸਪੀ ਤੇ ਡਿਪਟੀ ਕਮਿਸ਼ਨਰ ਤੋਂ ਸੱਤ ਦਿਨ ਦੇ ਅੰਦਰ-ਅੰਦਰ ਮਾਮਲੇ ਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।