Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਥਾਂ 1100 ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਾਵਾਂ-ਭੈਣਾਂ ਨੂੰ ਜਲਦ 1000 ਦੀ ਥਾਂ ਹੁਣ 1100 ਰੁਪਏ ਮਹੀਨਾ ਦੇਵਾਂਗੇ। ਸੀਐਮ ਮਾਨ ਨੇ ਇਹ ਐਲਾਨ ਉਸ ਵੇਲੇ ਕੀਤਾ ਹੈ ਜਦੋਂ ਵਾਅਦਾ ਪੂਰਾ ਨਾ ਕਰਨ ਕਰਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀਆਂ ਹਨ।




ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਖੇਤਾਂ 'ਚ ਨਹਿਰੀ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। ਇਸ ਨਾਲ ਆਉਣ ਵਾਲੇ ਦਿਨਾਂ 'ਚ 5 ਲੱਖ ਦੇ ਕਰੀਬ ਟਿਊਬਵੈੱਲ ਬੰਦ ਹੋਣਗੇ ਤੇ ਸੂਬੇ ਦਾ 6-7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦਾ ਬਚੇਗਾ। ਇੱਥੋਂ ਬਚਾਏ ਪੈਸਿਆ ਵਿੱਚੋਂ ਮਾਵਾਂ-ਭੈਣਾਂ ਨੂੰ ਜਲਦ 1000 ਦੀ ਥਾਂ ਹੁਣ 1100 ਰੁਪਏ ਮਹੀਨਾ ਦੇਵਾਂਗੇ।


 






ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਗ਼ਰੀਬ ਪਰਿਵਾਰਾਂ ਨੂੰ 3-3 ਮਹੀਨਿਆਂ ਬਾਅਦ ਸੁਸਰੀਆਂ ਤੇ ਕੀੜਿਆਂ ਵਾਲਾ ਰਾਸ਼ਨ ਵੰਡਿਆ ਜਾਂਦਾ ਸੀ ਪਰ ਅਸੀਂ ਮੰਡੀਆਂ 'ਚ ਆਈ ਨਵੀਂ ਕਣਕ ਤੇ ਸਾਫ਼-ਸੁਥਰਾ ਰਾਸ਼ਨ ਹਰ ਮਹੀਨੇ ਗ਼ਰੀਬਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਾਂ। ਹੁਣ ਪਰਿਵਾਰ ਦੀ ਮਰਜ਼ੀ ਹੈ ਕਿ ਆਟਾ ਲੈਣਾ ਜਾਂ ਫ਼ਿਰ ਕਣਕ।



ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਇੱਕ ਵਪਾਰੀ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਕਿਹਾ ਕਿ ‘ਆਪ’ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।


ਟਾਊਨ ਹਾਲ ਮੀਟਿੰਗ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਅਸੀਂ ਹਰ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ 3 ਘੰਟੇ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਸ਼ਿਆਰਪੁਰ, ਦਸੂਹਾ, ਦੀਨਾਨਗਰ, ਪਟਿਆਲਾ, ਮੋਗਾ ਅਤੇ ਪਠਾਨਕੋਟ ਜਾ ਕੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ।