Punjab Election: ਪੰਜਾਬ ਦਾ ਚੋਣ ਪ੍ਰਚਾਰ ਆਖ਼ਰੀ ਦੌਰ ਵਿੱਚ ਪਹੁੰਚ ਗਿਆ ਹੈ ਤੇ ਜ਼ਿਆਦਾਤਰ ਲੀਡਰਾਂ ਦਾ ਬੋਲ-ਬੋਲ ਕੇ ਗਲ ਵੀ ਬੈਠ ਗਿਆ ਹੈ ਪਰ ਉਹ ਹਾਲੇ ਵੀ ਪੂਰੇ ਜੋਸ਼ ਨਾਲ ਵਿਰੋਧੀਆਂ ਨੂੰ ਠਿੱਬੀ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਆਪਣਾ ਹਲਕਾ ਛੱਡ ਕੇ ਸਿੱਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਟੱਕਰ ਲੈਣ ਲਈ ਸੰਗਰੂਰ ਆਏ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਮ ਆਦਮੀ ਪਾਰਟੀ ਦਾ ਇੱਕ ਵੀ ਵਿਧਾਇਕ ਆਪਣੇ ਆਕਾ ਤੋਂ ਬਗੈਰ ਹੋਰ ਕਿਸੇ ਦੇ ਵੀ ਹੱਕ ‘ਚ ਨਹੀਂ ਬੋਲਦਾ। ਇਨ੍ਹਾਂ ਨੂੰ ਪੰਜਾਬ ਦੀ ਨਹੀਂ ਆਪਣੀ ਫਿਕਰ ਹੈ। ਇਸ ਕਰਕੇ ਪੰਜਾਬੀਓ ਇਸ ਵਾਰ ਸੋਚ ਸਮਝ ਕੇ ਫ਼ੈਸਲਾ ਲਓ।
ਸੁਖਪਾਲ ਖਹਿਰਾ ਨੇ ਚੋਣ ਪ੍ਰਚਾਰ ਦੌਰਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਜਿਹੜੇ ਅਸੂਲ ਆਪ ਵਾਲਿਆਂ ਨੇ ਲੋਕਾਂ ਨੂੰ ਦਿਖਾਏ ਕਿ ਅਸੀਂ ਇਹੋ ਜਿਹੇ ਬਣਕੇ ਦਿਖਾਵਾਂਗੇ ਤੇ ਇਹੋ ਜਿਹਾ ਬਦਲਾਅ ਲੈ ਕੇ ਆਵਾਂਗੇ, ਉਹ ਆਪ ਤੋੜੀ ਜਾ ਰਹੇ ਹਨ।
ਖਹਿਰਾ ਨੇ ਕਿਹਾ ਕਿ ਜੋ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਖ਼ਤਮ ਕਰਾਂਗੇ ਪਰ ਜੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਪਿੰਡ ਆ ਜਾਵੇ ਤਾਂ ਉਹ ਪੂਰਾ ਪਿੰਡ ਤੁਹਾਨੂੰ ਪੁਲਿਸ ਛਾਉਣੀ ਲੱਗੇਗਾ, ਖਹਿਰਾ ਨੇ ਕਿਹਾ ਕਿ ਸਾਰਾ ਟੱਬਰ ਸੁਰੱਖਿਆ ਲੈ ਕੇ ਚੱਲਦਾ। ਅਮਰਿੰਦਰ ਸਿੰਘ ਰਜਵਾੜਾ ਪਰਿਵਾਰ ਵਿੱਚ ਜੰਮਿਆ ਸੀ ਪਰ ਇੰਨ੍ਹੀ ਰਜਵਾੜਾ ਸ਼ਾਹੀ ਤਾਂ ਉਸ ਨੇ ਨਹੀਂ ਦਿਖਾਈ ਸੀ ਜਿੰਨੀ ਭਗਵੰਤ ਮਾਨ ਨੇ ਦਿਖਾ ਦਿੱਤੀ ਹੈ।
ਖਹਿਰਾ ਨੇ ਕਿਹਾ ਕਿ ਨਾ ਤਾਂ ਇੱਥੇ 92 ਬੋਲਦੇ ਨੇ ਤੇ ਨਾਂ ਹੀ ਰਾਜ ਸਭਾ ਵਿੱਚ ਭੇਜੇ 7 ਪੰਜਾਬ ਲਈ ਬੋਲਦੇ ਹਨ ਤੇ ਹੁਣ ਕਹਿੰਦੇ ਹਨ ਕਿ 13 ਹੋਰ ਦੇ ਦਿਓ ਜੇ ਪਹਿਲਾਂ ਵਾਲੇ ਨਹੀਂ ਬੋਲੇ ਤਾਂ ਇਹ 13 ਕੀ ਕਰ ਲੈਣਗੇ।