Lok Sabha Election 2024- ਜਦੋਂ ਤੋਂ BJP ਨੇ ਪੰਜਾਬ ਵਿਚ ਆਪਣੇ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ, ਉਦੋਂ ਤੋਂ ਹੀ ਪੂਰੇ ਸੂਬੇ ਵਿਚ BJP ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ। BJP ਦੇ ਹਰੇਕ ਉਮੀਦਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਸਦਕਾ ਹਾਲੇ ਤੱਕ BJP ਉਮੀਦਵਾਰਾਂ ਨੇ ਪਿੰਡਾਂ ਵਿਚ ਆਪਣਾ ਚੋਣ ਪ੍ਰਚਾਰ ਸ਼ੁਰੂ ਹੀ ਨਹੀਂ ਕੀਤਾ। 


ਜੇਕਰ ਗੱਲ ਕਰੀਏ ਫਰੀਦਕੋਟ ਹਲਕੇ ਦੀ ਤਾਂ ਇੱਥੋਂ  BJP ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਹੰਸ ਰਾਜ ਹੰਸ ਨੂੰ ਚੋਣ ਪ੍ਰਚਾਰ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਰੀਬ 2 ਦਿਨ ਪਹਿਲਾਂ ਹਲਕਾ ਫਰੀਦਕੋਟ ਵਿਖੇ ਵਰਕਰ ਮੀਟਿੰਗ ਕਰਨ ਪਹੁੰਚੇ BJP ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਅਤੇ ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਉਤੇ ਡੰਡੇ ਵੀ ਮਾਰੇ ਗਏ ਸਨ।



ਇਸ ਦੇ ਨਾਲ ਹੀ ਬੀਤੇ ਕੱਲ੍ਹ ਹਲਕਾ ਜੈਤੋ ਅਧੀਨ ਪੈਂਦੇ ਪਿੰਡ ਭਗਤੂਆਣਾ ਵਿਖੇ ਵਸਾਖੀ ਮੌਕੇ ਪਿੰਡ ਦੇ ਡੇਰੇ ਵਿਚ ਨਤਮਸਤਕ ਹੋਣ ਪਹੁੰਚੇ bjp ਉਮੀਦਵਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਰਾਹ ਵਿਚ ਹੀ ਰੋਕ ਲਿਆ ਸੀ ਅਤੇ ਉਹਨਾਂ ਨੂੰ ਡੇਰੇ ਅੰਦਰ ਜਾਣ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੰਸ ਰਾਜ ਹੰਸ ਨੂੰ ਖਾਲੀ ਵਾਪਸ ਪਰਤਣਾ ਪਿਆ ਸੀ।



ਇਸ ਸਭ ਤੋਂ ਹੁਣ ਜਿਲ੍ਹਾ ਫਰੀਦਕੋਟ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ BJP ਦੇ SC ਵਿੰਗ ਵਲੋਂ ਹੁਣ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਗਈ ਹੈ। ਅੱਜ ਫਰੀਦਕੋਟ ਤੋਂ BJP ਦੇ ਦਲਿਤ ਨੇਤਾ ਪ੍ਰੇਮ ਸਿੰਘ ਸਫ਼ਰੀ ਦੇ ਘਰ BJP SC ਵਿੰਗ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਉਹਨਾਂ ਵਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਮੁਕਾਬਲਾ ਕਰਨ ਦੀ ਗੱਲ ਕਹੀ ਗਈ।


 
ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਸਫ਼ਰੀ ਨੇ ਕਿਹਾ ਕਿ ਕਿਸਾਨਾਂ ਨੂੰ ਬੇਸ਼ੱਕ ਆਪਣੀ ਗੱਲ ਰੱਖਣ ਅਤੇ ਵਿਰੋਧ ਕਰਨ ਦਾ ਹੱਕ ਹੈ ਪਰ ਹੁੱਲੜਬਾਜ਼ੀ ਕਰਨਾ ਜਾਇਜ਼ ਨਹੀਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਹੰਸ ਰਾਜ ਹੰਸ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ, ਇਹ ਸਾਫ਼ ਜਾਹਰ ਹੋ ਰਿਹਾ ਕਿ ਜਨਰਲ ਲੋਕ SC ਸਮਾਜ ਦੇ ਬੰਦੇ ਦੀ ਜਿੱਤ ਯਕੀਨੀ ਹੁੰਦੀ ਵੇਖ ਕੇ ਉਸ ਦਾ ਨਿੱਜੀ ਤੌਰ ਤੇ ਵਿਰੋਧ ਕਰ ਰਹੇ ਹਨ।



ਉਹਨਾਂ ਕਿਹਾ ਕਿ ਹੁਣ BJP ਦੇ SC ਵਿੰਗ ਵਲੋਂ ਉਹ ਕਿਸਾਨਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਹੁਣ ਅਸੀਂ ਤੁਹਾਡਾ ਜਵਾਬ ਦੇਵਾਂਗੇ, ਅਸੀਂ ਹੰਸ ਰਾਜ ਹੰਸ ਨੂੰ ਪਿੰਡਾਂ ਵਿਚ ਆਪਣੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ ਲੈ ਕੇ ਜਾਵਾਂਗੇ। ਉਹਨਾਂ ਕਿਹਾ ਵਿਰੋਧ ਕਰਨ ਵਾਲੇ ਅਸਲ ਕਿਸਾਨ ਨਹੀਂ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ BJP ਦੇ SC ਵਿੰਗ ਵਲੋਂ ਵੱਡਾ ਇਕੱਠ ਕੀਤਾ ਜਾਵੇਗਾ ਅਤੇ IG ਫਰੀਦਕੋਟ ਨੂੰ ਮਿਲ ਕੇ ਇਹ ਮੰਗ ਕਰਾਂਗੇ ਕਿ ਵਿਰੋਧ ਕਰਨ ਦੇ ਨਾਮ ਉਤੇ ਹੁੱਲੜਬਾਜ਼ੀ ਰੋਕੀ ਜਾਵੇ।