ਚੰਡੀਗੜ੍ਹ: ਮੇਘਾਲਿਆ ਦੇ ਸਿਲੌਂਗ ਵਿੱਚ ਪਿਛਲੇ 200 ਸਾਲ ਤੋਂ ਰਹਿ ਰਹੇ ਪੰਜਾਬੀਆਂ 'ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਹੁਣ ਸਭ ਦੀਆਂ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ਼ ਹਨ। ਆਮ ਆਦਮੀ ਪਾਰਟੀ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲਾ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣ।


ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਮੋਦੀ ਸਰਕਾਰ ਖ਼ੁਦ ਹੀ ਮੇਘਾਲਿਆ ਸਰਕਾਰ ਨਾਲ ਗੱਲ ਕਰ ਲੈਂਦੀ, ਪਰ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਮੋਦੀ ਸਰਕਾਰ ਦਾ ਅਜਿਹਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਤਿੰਨ ਦਿਨਾਂ ਤੋਂ ਮੁੜ ਭੜਕਿਆ ਹੋਇਆ ਹੈ। ਸਿਲੌਂਗ ਦੀ ਪੰਜਾਬੀ ਲੇਨ 'ਚ ਪਿਛਲੇ 200 ਸਾਲਾਂ ਤੋਂ ਵਸੇ ਪੰਜਾਬੀ ਪਰਿਵਾਰਾਂ ਨੂੰ ਲੰਘੇ ਸ਼ੁੱਕਰਵਾਰ ਸਿਲੌਂਗ ਮਿਉਂਸਪਲ ਬੋਰਡ ਵੱਲੋਂ ਕਾਨੂੰਨੀ ਨੋਟਿਸ ਜਾਰੀ ਕਰਕੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਸਬੰਧਤ ਈਸਟ ਖਾਸੀ ਹਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਲੇਨ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਚੀਮਾ ਨੇ ਬਾਦਲ ਪਰਿਵਾਰ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਸਦਿਆਂ ਕਿਹਾ ਕਿ ਖ਼ੁਦ ਨੂੰ ਪੰਜਾਬੀਆਂ ਦਾ ਮਸੀਹਾ ਕਹਾਉਣ ਵਾਲਾ ਇਹ ਟੱਬਰ ਉਦੋਂ ਗੁੰਗਾ-ਬੋਲਾ ਬਣ ਜਾਂਦਾ ਹੈ ਜਦ ਕਦੇ ਵੀ ਦੇਸ਼-ਪ੍ਰਦੇਸ਼ 'ਚ ਵੱਸਦੇ ਪੰਜਾਬੀਆਂ 'ਤੇ ਭੀੜ ਪੈਂਦੀ ਹੈ। ਸਿਲੌਂਗ ਦੇ ਪੰਜਾਬੀਆਂ ਤੋਂ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਸਮੇਤ ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਬਾਦਲ ਪਰਿਵਾਰ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪਿੱਠ ਦਿਖਾਈ ਹੈ।

ਚੀਮਾ ਨੇ ਕਿਹਾ ਕਿ ਸੰਸਦ ਦੇ ਪਹਿਲੇ ਸੈਸ਼ਨ 'ਚ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਇਹ ਮਸਲਾ ਉਠਾਉਣਗੇ ਤੇ ਪਾਰਟੀ ਦਾ ਵਫ਼ਦ ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ। ਉਨ੍ਹਾਂ ਕੈਪਟਨ ਨੂੰ ਅਪੀਲ ਕੀਤੀ ਕਿ ਉਹ ਬਿਨਾ ਦੇਰੀ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਤੇ ਮਈ 2018 ਵਾਂਗ ਪੰਜਾਬ ਸਰਕਾਰ ਦਾ ਇੱਕ ਉੱਚ ਪੱਧਰੀ ਵਫ਼ਦ ਮੇਘਾਲਿਆ ਜਾ ਕੇ ਉੱਥੋਂ ਦੀ ਸੂਬਾ ਸਰਕਾਰ ਨਾਲ ਗੱਲ ਕਰਕੇ ਉੱਥੇ 200 ਸਾਲਾਂ ਤੋਂ ਵੱਸਦੇ ਪੰਜਾਬੀਆਂ ਦੀ ਉੱਥੇ ਹੀ ਸਹੀ-ਸਲਾਮਤੀ ਯਕੀਨੀ ਬਣਾਏ।