ਨਵੀਂ ਦਿੱਲੀ: ਸੀਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਪਹਿਲੀ ਭਾਰਤੀ ਮਹਿਲਾ ਰੈਸਲਰ ਬਣਨ ਦਾ ਮਾਣ ਹਾਸਲ ਕਰਨ ਵਾਲੀ ਨਵਜੋਤ ਕੌਰ ਵਤਨ ਪਰਤ ਆਈ ਹੈ।
ਦਿੱਲੀ ਏਅਰਪੋਰਟ ਪਹੁੰਚਣ 'ਤੇ ਨਵਜੋਤ ਨੇ ਕਿਹਾ ਹੈ ਕਿ ਉਸ ਦਾ ਟੀਚਾ ਏਸ਼ੀਅਨ ਖੇਡਾਂ ਤੇ 2020 ਦੀਆਂ ਓਲੰਪਿਕ ਖੇਡਾਂ ਹਨ। ਨਵਜੋਤ ਨੇ ਰੂਸ ਦੇ ਕਿਰਗੀਸਤਾਨ 'ਚ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।
ਨਵਜੋਤ ਨੇ 65 ਕਿਲੋਗ੍ਰਾਮ ਵਰਗ 'ਚ ਜਾਪਾਨੀ ਪਹਿਲਵਾਨ ਮੀਯੂ ਈਮਾਈ ਨੂੰ 9-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਨਵਜੋਤ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਹੈ। ਦਿੱਲੀ ਤੋਂ ਸੋਮਵਾਰ ਨੂੰ ਨਵਜੋਤ ਆਪਣੇ ਪਿੰਡ ਪਹੁੰਚੇਗੀ। ਆਰਥਿਕ ਮੰਦੀ ਤੋਂ ਗੁਜਰ ਰਹੇ ਪਰਿਵਾਰ ਦੀ ਧੀ ਨੇ ਬਾਰਡਰ ਨਾਲ ਲੱਗਦੇ ਪਿੰਡ ਦਾ ਨਾਂ ਦੁਨੀਆਂ ਭਰ 'ਚ ਰੋਸ਼ਨ ਕੀਤਾ ਹੈ।