Wrestlers Protest: ਦੇਸ਼ ਨੂੰ ਮੈਡਲ ਦਿਵਾਉਣ ਵਾਲੇ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਪੁਲਿਸ ਵੱਲੋਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਸੀ, ਜਿਸ ਦਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ ਤੇ ਪਹਿਲਵਾਨਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਡੀਸੀ ਦਫ਼ਤਰਾਂ ਵਿੱਚ ਮੰਗ ਪੱਤਰ ਸੌਂਪੇ ਗਏ ਹਨ।
ਇਸ ਸਬੰਧੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ 5 ਜੂਨ ਨੂੰ ਪਿੰਡਾਂ 'ਚ ਪੁਤਲੇ ਫੂਕੇ ਜਾਣਗੇ ਤੇ 7 ਜੂਨ ਨੂੰ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਦੀ ਤਿਆਰੀ ਕਰਨਗੀਆਂ। ਸਮਰਾਲਾ ਵਿੱਚ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਐਸਕੇਐਮ ਵੱਲੋਂ ਐਸਡੀਐਮ ਨੂੰ ਪਹਿਲਵਾਨਾਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ।
ਲੱਖੋਵਾਲ ਨੇ ਕਿਹਾ ਕਿ ਅਸੀਂ ਪਹਿਲਵਾਨਾਂ ਦੇ ਹੱਕ ਵਿੱਚ ਖੜ੍ਹੇ ਹਾਂ ਤੇ ਪਹਿਲਵਾਨਾਂ ਦਾ ਡੱਟ ਕੇ ਸਾਥ ਦੇਵਾਂਗੇ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਪਹਿਲਵਾਨਾਂ ਨਾਲ ਅੱਤਿਆਚਾਰ ਕਰਨ ਵਾਲਿਆਂ ਦੇ ਪੁਤਲੇ ਫੂਕੇ ਜਾਣਗੇ। 7 ਜੂਨ ਨੂੰ ਇੱਕ ਅਹਿਮ ਮੀਟਿੰਗ ਹੋਵੇਗੀ, ਜਿਸ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਗੀਆਂ। ਪਹਿਲਵਾਨਾਂ ਦੇ ਹੱਕ ਵਿੱਚ ਅਗਲੀ ਰਣਨੀਤੀ ਬਣਾਈ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਹਿਲਵਾਨ ਲੜਕੀਆਂ ਦੇ ਹੱਕ ਵਿੱਚ ਅੱਜ ਮੋਗਾ ਵਿੱਖੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਬੀਜੇਪੀ ਮੰਤਰੀ ਨੂੰ ਸਜ਼ਾ ਦਿਵਾਉਣ ਲਈ ਬੈਠੇ ਪਹਿਲਵਾਨ ਖਿਡਾਰੀਆਂ ਨਾਲ ਬੀਜੇਪੀ ਤੇ ਬ੍ਰਿਜ ਭੂਸ਼ਣ ਦੀ ਸਹਿ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਖਿਡਾਰੀਆਂ ਉੱਪਰ ਕੀਤੇ ਲਾਠੀਚਾਰਜ, ਖਿੱਚ ਧੂਹ ਤੇ ਧਰਨੇ ਨੂੰ ਊਖਾੜਨ ਦੀ ਸਾਜਿਸ਼ ਤਹਿਤ ਖਿਡਾਰੀਆਂ ਨੂੰ ਜਬਰਨ ਚੁੱਕ ਕੇ ਥਾਣੇ ਲਿਜਾਣ ਵਰਗੀ ਘਟੀਆਂ ਕਰਤੂਤ ਖਿਲਾਫ਼ ਸੰਯੁਕਤ ਮੋਰਚੇ ਵਲੋਂ ਨਿਖੇਧੀ ਕੀਤੀ ਤੇ ਪਹਿਲਵਾਨ ਖਿਡਾਰੀਆਂ ਦੇ ਹੱਕ ਵਿੱਚ ਖੜਨ ਦਾ ਐਲਾਨ ਕੀਤਾ।
ਪਹਿਲਵਾਨਾਂ ਵੱਲੋਂ 28 ਮਈ ਨੂੰ ਭਾਰਤ ਸਰਕਾਰ ਵੱਲੋਂ ਨਵੀਂ ਸੰਸਦ ਦਾ ਮਹੂਰਤ ਕਰਨ ਉਪਰੰਤ ਬਾਹਰ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਬੀਜੇਪੀ ਸਰਕਾਰ ਅਤੇ ਬ੍ਰਿਜ ਭੂਸ਼ਣ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲੀਭੁਗਤ ਕਰ ਕੇ ਪਹਿਲਾਂ ਹੀ ਪਹਿਲਵਾਨ ਖਿਡਾਰੀਆਂ ਨੂੰ ਧਰਨੇ ਵਾਲੀ ਜਗ੍ਹਾ ਤੋਂ ਚੁੱਕ ਲਿਆ ਗਿਆ ਜੋ ਵਿਰੋਧ ਵੱਧਦਾ ਦੇਖ ਪੁਲਿਸ ਨੇ ਖਿਡਾਰੀਆਂ ਨੂੰ ਰਿਹਾਅ ਕਰ ਦਿੱਤਾ। ਪਹਿਲਵਾਨਾਂ ਵੱਲੋਂ 29 ਮਈ ਨੂੰ ਜਿੱਤੇ ਹੋਏ ਮੈਡਲ ਗੰਗਾ ਨਦੀ ਵਿੱਚ ਵਹਾਉਣ ਦਾ ਯਤਨ ਕੀਤਾ ਤਾਂ ਦੇਸ਼ ਦੀਆਂ ਸਾਰੀਆਂ ਜਥੇਬੰਦੀਆ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਭਾਰਤ ਸਰਕਾਰ ਨੂੰ ਪੰਜ ਦਿਨ ਦਾ ਅਲਟੀਮੇਟਮ ਦਿੱਤਾ।
ਇਸ ਲਈ ਧਰਨੇ ਦੌਰਾਨ ਵਾਪਰੀ ਸ਼ਰਮਨਾਕ ਘਟਨਾ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਅਨੁਸਾਰ ਮੋਗਾ ਦੇ ਨੇਚਰ ਪਾਰਕ ਵਿੱਚ ਇਕੱਠ ਕੀਤਾ ਗਿਆ ਤੇ ਬਾਅਦ ਵਿੱਚ ਮੋਗਾ ਸਹਿਰ ਵਿੱਚ ਪੈਦਲ ਰੋਸ ਮੁਜ਼ਾਹਰਾ ਕੀਤਾ ਗਿਆ। ਆਗੂਆ ਨੇ ਕਿਹਾ ਕਿ ਜੋ ਪਹਿਲਵਾਨ ਖਿਡਾਰੀ ਆਗੂਆਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ, ਉਹ ਸਾਰੇ ਪਰਚੇ ਰੱਦ ਕੀਤੇ ਜਾਣ ਤੇ ਜਿੰਨਾਂ ਚਿਰ ਦੇਸ਼ ਦੀਆਂ ਪਹਿਲਵਾਨ ਲੜਕੀਆਂ ਨੂੰ ਇਨਸਾਫ ਨਹੀ ਮਿਲਦਾ ਅਤੇ ਬ੍ਰਿਜ ਭੂਸ਼ਣ ਨੂੰ ਫੜ੍ਹ ਕੇ ਜੇਲ੍ਹ ਅੰਦਰ ਨਹੀ ਭੇਜਿਆ ਜਾਂਦਾ, ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ।
ਇਸ ਤੋਂ ਇਲਾਵਾ ਬਰਨਾਲਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਹਿਲਵਾਨਾਂ ਦੇ ਹੱਕ 'ਚ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ ਹੈ। ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਏਡੀਸੀ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਧਰਨਾਕਾਰੀ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਵਾਨ ਤੇ ਖਿਡਾਰੀ ਸੋਨ ਤਗਮੇ ਜਿੱਤ ਕੇ ਸਾਡੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਹ ਛੋਟੇ ਪਰਿਵਾਰ ਕਿਸਾਨ ਮਜ਼ਦੂਰਾਂ ਦੇ ਬੱਚੇ ਹਨ ਨਾ ਕਿ ਅਮੀਰ ਪਰਿਵਾਰਾਂ ਦੇ। ਬ੍ਰਿਜ ਭੂਸ਼ਨ ਸ਼ਰਨ ਸਿੰਘ ਵਾਂਗ ਦੇਸ਼ ਨੂੰ ਲੁੱਟਣ ਵਾਲੇ ਸਾਰੇ ਭਾਜਪਾ ਆਗੂ ਜੰਤਰ ਮੰਤਰ 'ਤੇ ਇਨਸਾਫ਼ ਮੰਗਣ ਵਾਲੀਆਂ ਕੁੜੀਆਂ ਦਾ ਅਪਮਾਨ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਸਰਕਾਰ ਦੇ ਇਸ ਧੱਕੇ ਦਾ ਮੂੰਹ ਤੋੜ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਨਾਲ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅੰਦੋਲਨਕਾਰੀਆਂ 'ਤੇ ਦਰਜ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ ਤੇ ਉਨ੍ਹਾਂ ਕੋਲੋਂ ਖੋਹੇ ਗਏ ਟੈਂਟ ਅਤੇ ਹੋਰ ਸਾਮਾਨ ਤੁਰੰਤ ਵਾਪਸ ਕੀਤਾ ਜਾਵੇ।