Punjab News: ਆਜ਼ਾਦੀ ਦਿਹਾੜੇ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾਨਗਰ 'ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਚ ਇੱਕ ਵਰਕਰ ਨੇ ਗ਼ਲਤ ਅਤੇ ਅਧੂਰੇ ਢੰਗ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ। ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ।  ਆਮ ਆਦਮੀ ਪਾਰਟੀ ਵੱਲੋਂ ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਤੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ।

Continues below advertisement


ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਹੋ ਰਿਹਾ ਵਾਇਰਲ


ਜਦੋਂ ਸ਼ਮਸ਼ੇਰ ਸਿੰਘ ਤੈਅ ਪ੍ਰੋਗਰਾਮ ਅਨੁਸਾਰ ਸਵੇਰੇ 8 ਵਜੇ ਪੁੱਜੇ ਤਾਂ ਪਾਰਟੀ ਵਰਕਰ ਪਰਮਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਸ਼ੁਰੂ ਕਰ ਦਿੱਤਾ। ਸ਼ਮਸ਼ੇਰ ਸਿੰਘ ਨੇ ਜਿਵੇਂ ਹੀ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਪਰਮਿੰਦਰ ਸਿੰਘ ਨੇ ਖ਼ੁਦ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਪਰ ਉਹ ਸ਼ਬਦਾਂ ਦਾ ਗ਼ਲਤ ਉਚਾਰਨ ਕਰਕੇ ਰਾਸ਼ਟਰੀ ਗੀਤ ਨੂੰ ਅੱਧ ਵਿਚਾਲੇ ਹੀ ਭੁੱਲ ਗਿਆ ਅਤੇ ਅੱਧੇ ਅਧੂਰੇ ਤੇ ਗ਼ਲਤ ਉਚਾਰਨ ਨਾਲ ਰਾਸ਼ਟਰੀ ਗੀਤ ਨੂੰ ਖ਼ਤਮ ਕਰ ਦਿੱਤਾ। ਰਾਸ਼ਟਰੀ ਗੀਤ ਦੇ ਗ਼ਲਤ ਉਚਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਜਿਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।






ਸ਼੍ਰੋਮਣੀ ਅਕਾਲੀ ਦਲ ਨੇ ਜਨਤਕ ਮੁਆਫ਼ੀ ਦੀ ਕੀਤੀ ਮੰਗ


ਨਗਰ ਕੌਂਸਲ ਦੀਨਾਨਗਰ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਵਿਜੇ ਮਹਾਜਨ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰਾਸ਼ਟਰੀ ਗੀਤ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ। ਇਸ ਦਾ ਗ਼ਲਤ ਉਚਾਰਨ ਕੋਡ ਦੇ ਵਿਰੁੱਧ ਹੈ। ਇੱਕ ਵਰਕਰ ਵੱਲੋਂ ਇਸ ਦੇ ਗ਼ਲਤ ਉਚਾਰਨ ਕਾਰਨ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਨੂੰ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।