By Election in Punjab: ਪੰਜਾਬ ਵਿੱਚ ਚੋਣਾਂ ਦਾ ਦੌਰ ਅਜੇ ਜਾਰੀ ਰਹੇਗਾ। ਪੰਚਾਇਤੀ ਤੇ ਨਗਰ ਕੌਂਸਲ ਚੋਣਾਂ ਤੋਂ ਇਲਾਵਾ ਸੂਬੇ ਅੰਦਰ ਪੰਜ ਵਿਧਾਨ ਸਭਾ ਸੀਟਾਂ ਉਪਰ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਚਰਚਾ ਹੈ। ਇਸ ਕਰਕੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਿਆ ਰਹੇਗਾ।


ਦਰਅਸਲ ਸਭ ਤੋਂ ਅਹਿਮ ਪੰਜਾਬ ਦੀਆਂ ਪੰਜ ਵਿਧਾਨ ਸਭ ਸੀਟਾਂ ਉਪਰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਹਨ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੋਂ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸ਼ਾਮਲ ਹਨ। 



ਦੱਸ ਦਈਏ ਕਿ ਸੰਸਦ ਮੈਂਬਰ ਬਣਨ ਮਗਰੋਂ ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਆਗੂਆਂ ਵਿੱਚੋਂ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣ ਗਏ ਹਨ। ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ, ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਹਨ।


ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਦੋ ਵਾਰ ਵਿਧਾਇਕ ਰਹੇ ਡਾ: ਸੁਖਵਿੰਦਰ ਸਿੰਘ ਸੁੱਖੀ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਦਲ ਬਦਲਣ ਤੋਂ ਸਪੱਸ਼ਟ ਹੈ ਕਿ ਉਹ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਦੀ ਸੀਟ ਵੀ ਖਾਲੀ ਹੋ ਜਾਵੇਗੀ। ਇਸ ਲਈ ਇਨ੍ਹਾਂ ਪੰਜ ਸੀਟਾਂ ਉਪਰ ਜ਼ਿਮਨੀ ਚੋਣ ਹੋਏਗੀ।



ਪੰਜਾਬ ਦੀਆਂ ਇਨ੍ਹਾਂ ਪੰਜ ਸੀਟਾਂ 'ਤੇ ਜਲਦੀ ਹੀ ਚੋਣਾਂ ਹੋਣੀਆਂ ਹਨ। ਅਜੇ ਤੱਕ ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਤੰਬਰ ਜਾਂ ਅਕਤੂਬਰ 'ਚ ਹਰਿਆਣਾ 'ਚ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਾ ਹੈ ਤਾਂ ਇਨ੍ਹਾਂ ਸੀਟਾਂ 'ਤੇ ਵੀ ਚੋਣਾਂ ਹੋ ਸਕਦੀਆਂ ਹਨ।


ਚੋਣ ਕਮਿਸ਼ਨ ਦੀ ਟੀਮ ਦੋ ਦਿਨ ਪਹਿਲਾਂ ਹੀ ਹਰਿਆਣਾ ਦਾ ਦੌਰਾ ਕਰ ਚੁੱਕੀ ਹੈ। ਚੋਣਾਂ ਸਬੰਧੀ ਸਥਿਤੀ ਦਾ ਵੀ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਜ਼ਿਮਨੀ ਚੋਣ ਦੇ ਨਾਲ ਹੀ ਜਲੰਧਰ ਪੱਛਮੀ ਸੀਟ 'ਤੇ ਉਪ ਚੋਣ ਹੋਈ ਸੀ। ਆਮ ਆਦਮੀ ਪਾਰਟੀ ਉਹ ਸੀਟ ਜਿੱਤਣ ਵਿਚ ਸਫਲ ਰਹੀ ਸੀ।